ਜਗਜੀਤ ਸਿੰਘ
ਮੁਕੇਰੀਆਂ, 14 ਅਕਤੂਬਰ
ਥਾਣਾ ਹਾਜੀਪੁਰ ਵਿੱਚ ਅੱਜ ਦੇਰ ਸ਼ਾਮ ਆਏ ਪਰਿਵਾਰਕ ਮਾਮਲੇ ਦੌਰਾਨ ਵਿਆਹੁਤਾ ਲੜਕੀ ਬੇਹੋਸ਼ ਹੋ ਗਈ ਜਿਸ ਨੂੰ ਸਿਵਲ ਹਸਪਤਾਲ ਹਾਜੀਪੁਰ ਦਾਖਲ ਕਰਵਾਇਆ ਗਿਆ ਹੈ। ਪੀੜਤਾ ਦੇ ਮਾਪਿਆਂ ਨੇ ਦੋਸ਼ ਹੈ ਕਿ ਲੜਕੀ ਦੇ ਸਹੁਰਾ ਪਰਿਵਾਰ ਵਲੋਂ ਉਸ ਨੂੰ ਮਾਰਕੁੱਟ ਕੇ ਘਰੋਂ ਕੱਢ ਦੇਣ ਵਿਰੁੱਧ ਕਰੀਬ 6 ਮਹੀਨੇ ਪਹਿਲਾਂ ਹਾਜੀਪੁਰ ਪੁਲੀਸ ਨੂੰ ਦਰਖਾਸਤ ਦਿੱਤੀ ਸੀ ਪਰ ਪੁਲੀਸ ਨੇ ਕਥਿਤ ਤੌਰ ’ਤੇ ਸਹੁਰਾ ਪਰਿਵਾਰ ਦਾ ਪੱਖ ਪੂਰਦਿਆਂ ਠੋਸ ਕਾਰਵਾਈ ਨਹੀਂ ਕੀਤੀ। ਉੱਧਰ ਐੱਸਐੱਚਓ ਹਾਜੀਪੁਰ ਅਮਰਜੀਤ ਕੌਰ ਨੇ ਮਾਮਲੇ ਦੀ ਤੈਅ ਤੱਕ ਜਾਣ ਦਾ ਦਾਅਵਾ ਕਰਦਿਆਂ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ।
ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਲੜਕੀ ਸ਼ਿਵਾਨੀ ਦੇ ਪਿਤਾ ਪ੍ਰੇਮ ਕੁਮਾਰ ਨੇ ਦੱਸਿਆ ਕਿ ਲੜਕੀ ਦਾ ਵਿਆਹ 2021 ਵਿੱਚ ਭਾਰਤੀ ਫੌਜ ਦੇ ਜਵਾਨ ਸ਼ੇਖਾਮੱਤਾਂ ਦੇ ਵਸਨੀਕ ਹਰਜਿੰਦਰ ਸਿੰਘ ਨਾਲ ਹੋਇਆ ਸੀ। ਲੜਕੀ ਦੇ ਸਹੁਰਾ ਪਰਿਵਾਰ ਨੇ ਕੁਝ ਸਮੇਂ ਬਾਅਦ ਹੀ ਉਸ ਨੂੰ ਕਥਿਤ ਤੌਰ ’ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਲੜਕੀ ਨੂੰ ਘਰ ਦੀ ਚਾਰਦੀਵਾਰੀ ਦੇ ਅੰਦਰ ਕੈਦ ਰੱਖਿਆ ਗਿਆ ਜਿਸ ਕਾਰਨ ਉਹ ਬੀਮਾਰ ਹੋ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਸਹੁਰਾ ਪਰਿਵਾਰ ਨੇ ਇਲਾਜ ਕਰਾਉਣ ਦੀ ਥਾਂ ਉਸ ਨੂੰ ਘਰੋਂ ਕੱਢ ਦਿੱਤਾ।
ਉਨ੍ਹਾਂ ਕਿਹਾ ਕਿ ਪਹਿਲਾਂ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਵਲੋਂ ਲੜਕੀ ਦੇ ਸਹੁਰਾ ਪਰਿਵਾਰ ਨਾਲ ਕਥਿਤ ਮਿਲੀਭੁਗਤ ਕਰਕੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਇਹ ਕੇਸ ਦੀ ਜਾਂਚ ਦੂਜੇ ਏਐੱਸਆਈ ਨੂੰ ਸੌਂਪੀ ਗਈ ਜਿਨ੍ਹਾਂ ਵਲੋਂ ਦੋਹਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਅਤੇ ਲੜਕੇ ਪਰਿਵਾਰ ਨੇ ਲੜਕੀ ਨੂੰ ਘਰ ਲਿਜਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪ੍ਰੇਸ਼ਾਨ ਹੋਈ ਵਿਆਹੁਤਾ ਲੜਕੀ ਸ਼ਿਵਾਨੀ ਥਾਣੇ ਅੰਦਰ ਹੀ ਬੇਹੋਸ਼ ਹੋ ਗਈ। ਪੇਕੇ ਪਰਿਵਾਰ ਨੇ ਮੰਗ ਕੀਤੀ ਕਿ ਸਹੁਰਾ ਪਰਿਵਾਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਪਤੀ ਅਤੇ ਪੁਲੀਸ ਨੇ ਦੋਸ਼ਾਂ ਨੂੰ ਨਕਾਰਿਆ
ਵਿਆਹੁਤਾ ਦੇ ਪਤੀ ਹਰਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ’ਤੇ ਲਗਾਏ ਜਾ ਰਹੇ ਦੋਸ਼ ਝੂਠੇ ਹਨ, ਉਨ੍ਹਾਂ ਕਿਹਾ ਮਾਮਲੇ ਬਾਰੇ ਥਾਣੇ ਵਿੱਚ ਗੱਲਬਾਤ ਚੱਲ ਰਹੀ ਸੀ ਤੇ ਇਸ ਦੌਰਾਨ ਲੜਕੀ ਉਠ ਕੇ ਬਾਹਰ ਚਲੀ ਗਈ ਜਿੱਥੇ ਉਹ ਬੇਹੋਸ਼ ਹੋ ਗਈ। ਇਸ ਵਿੱਚ ਸਹੁਰੇ ਪਰਿਵਾਰ ਦਾ ਕੋਈ ਦੋਸ਼ ਨਹੀਂ ਹੈ। ਇਸੇ ਦੌਰਾਨ ਐੱਸਐੱਚਓ ਹਾਜੀਪੁਰ ਅਮਰਜੀਤ ਕੌਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੁਲੀਸ ਨੇ ਕੇਸ ਦੀ ਜਾਂਚ ਵਿੱਚ ਕੋਈ ਢਿੱਲਮੱਠ ਨਹੀਂ ਵਰਤੀ ਅਤੇ ਅੱਜ ਪੀੜਤਾ ਦੇ ਥਾਣੇ ਅੰਦਰ ਬੇਹੋਸ਼ ਹੋਣ ਤੋਂ ਅਣਜਾਣ ਹਨ। ਇਸ ਬਾਰੇ ਉਹ ਜਾਂਚ ਅਧਿਕਾਰੀ ਤੋਂ ਜਾਣਕਾਰੀ ਲੈ ਕੇ ਪੀੜਤ ਔਰਤ ਨੂੰ ਇਨਸਾਫ਼ ਦਿਵਾਏਗੀ।