ਜਸਬੀਰ ਸਿੰਘ ਚਾਨਾ
ਫਗਵਾੜਾ, 10 ਅਗਸਤ
ਇੱਥੋਂ ਦੀ ਇੱਕ ਮਿੱਲ ਵੱਲ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸੱਦੇ ’ਤੇ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਧਰਨਾ ਅੱਜ ਤੀਸਰੇ ਦਿਨ ਵੀ ਜਾਰੀ ਰਿਹਾ ਤੇ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕਰਦਿਆਂ ਤੁਰੰਤ ਅਦਾਇਗੀ ਦੀ ਮੰਗ ਕੀਤੀ ਗਈ। ਅੱਜ ਸ਼ੂਗਰ ਮਿੱਲ ਚੌਕ ’ਚ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਕ੍ਰਿਪਾਲ ਸਿੰਘ ਮੁਸਾਪੂਰ, ਕੁਲਵਿੰਦਰ ਸਿੰਘ ਕਾਲਾ ਸਰਪੰਚ, ਗੁਰਪਾਲ ਸਿੰਘ ਪਾਲਾ ਮੌਲੀ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਅੱਜ ਕਿਸਾਨਾਂ ਵੱਲੋਂ ਲਾਏ ਧਰਨੇ ਨੂੰ ਤੀਸਰਾ ਦਿਨ ਹੋ ਗਿਆ ਹੈ. ਪਰ ਸਰਕਾਰ ਨੂੰ ਕੋਈ ਫ਼ਰਕ ਨਹੀਂ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ ਕਿਉਂਕਿ ਸ਼ੂਗਰ ਮਿੱਲ ਦੀ ਭੂੰਨਾ ਹਰਿਆਣਾ ’ਚ ਜੋ ਮਿੱਲ ਪਈ ਹੈ, ਉਸਨੂੰ ਵੇਚਣ ਦਾ ਸੌਦਾ ਮਿੱਲ ਮਾਲਕਾਂ ਨੇ ਕਰ ਲਿਆ ਸੀ ਤਾਂ ਜੋ ਕਿਸਾਨਾਂ ਦੀ ਅਦਾਇਗੀ ਹੋ ਸਕੇ ਪਰ ਸਰਕਾਰ ਨੇ ਇਸ ’ਚ ਅੜਿੱਕਾ ਪਾ ਕੇ ਕੰਮ ਸਿਰੇ ਚੜ੍ਹਨ ਤੋਂ ਰੋਕ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਰੱਖੜੀ ਦੇ ਤਿਉਹਾਰ ਦੇ ਚੱਲਦਿਆਂ ਧਰਨੇ ’ਚ ਆਵਾਜਾਈ ਤੇ ਲੋਕਾਂ ਦੇ ਆਉਣ ਜਾਣ ਲਈ ਛੂਟ ਦਿੱਤੀ ਗਈ ਹੈ, ਪਰ ਜੇਕਰ ਸਰਕਾਰ ਨੇ ਕੱਲ੍ਹ ਤੱਕ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 12 ਅਗਸਤ ਨੂੰ ਫਗਵਾੜਾ ਵਿੱਚ 31 ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਇਸ ਨੂੰ ਸੰਘਰਸ਼ ਨੂੰ ਤਿੱਖਾ ਕਰ ਦਿੱਤਾ ਜਾਵੇਗਾ।