ਪਾਲ ਸਿੰਘ ਨੌਲੀ
ਜਲੰਧਰ, 5 ਸਤੰਬਰ
ਹਰਮੇਸ਼ ਮਾਲੜੀ ਦੇ ਨਾਵਲ ‘ਅਸੀਂ ਨੀ ਜਾਣਾ ਪਾਤਾਲ ਲੋਕ’ ’ਤੇ ਵਿਚਾਰ-ਚਰਚਾ ਕੀਤੀ ਗਈ। ਇਸ ਨਾਵਲ ’ਚ ਸਮਾਜ ਅੰਦਰ ਜਾਤੀ, ਜਮਾਤੀ ਪਾੜੇ, ਦਾਬੇ, ਅਨਿਆ ਅਤੇ ਜਬਰ ਸਿਤਮ ਦੇ ਸੰਤਾਪ ਅਤੇ ਇਸ ਖ਼ਿਲਾਫ਼ ਪਨਪਦੇ ਰੋਹ, ਵਿਦਰੋਹ ਦੀ ਖੂਬਸੂਰਤ ਪੇਸ਼ਕਾਰੀ ਦੇ ਗੁੰਦਵੇਂ ਵਰਤਾਰਿਆਂ ਨੂੰ ਮਰਕਜ਼ ਵਿੱਚ ਰੱਖਿਆ ਗਿਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਵਿਚਾਰ-ਚਰਚਾ ਦੇ ਮੁੱਖ ਵਕਤਾ ਪ੍ਰੋ. ਮਨਪ੍ਰੀਤ ਜਸ, ਭਗਵੰਤ ਰਸੂਲਪੁਰੀ ਅਤੇ ਦੇਸ ਰਾਜ ਕਾਲੀ ਮੰਚ ’ਤੇ ਹਾਜ਼ਰ ਸਨ। ਪ੍ਰੋ. ਜਸ ਨੇ ਕਿਹਾ ਕਿ ਸਾਡੇ ਸਮਿਆਂ ਦੀ ਵਿਆਪਕ ਅਤੇ ਤਿੱਖੀ ਤਰਾਸਦੀ ਨੂੰ ਨਾਵਲ ਫੜਨ ਦਾ ਯਤਨ ਕਰਦਾ ਹੈ। ਦੇਸ ਰਾਜ ਕਾਲੀ ਨੇ ਕਿਹਾ ਕਿ ਦਲਿਤ ਰੋਹ ਦੀ ਮੁੱਲਵਾਨ ਅਤੇ ਨਿਵੇਕਲੀ ਦਾਸਤਾਂ ਹੈ ‘ਅਸੀਂ ਨਹੀਂ ਜਾਣਾ ਪਾਤਾਲ ਲੋਕ’।
ਉੱਘੇ ਕਹਾਣੀਕਾਰ ਅਤਰਜੀਤ, ਜਸਪਾਲ ਮਾਨਖੇੜਾ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਮੰਗਤ ਰਾਮ ਪਾਸਲਾ, ਸੁਰਿੰਦਰ ਕੁਮਾਰੀ ਕੋਛੜ, ਰਮੇਸ਼ ਚੋਹਕਾ, ਡਾ. ਸੈਲੇਸ਼, ਨਾਵਲਕਾਰ ਜਸਵਿੰਦਰ ਜਸ ਹੋਰਾਂ ਨੇ ਨਾਵਲ ਦੇ ਅਨੇਕਾਂ ਪੱਖਾਂ ’ਤੇ ਚਰਚਾ ਕਰਦਿਆਂ ਕਿਹਾ ਕਿ ਸਮਾਜਿਕ ਯਥਾਰਥ ਨੂੰ ਬਾਰੀਕੀ ਅਤੇ ਗਹਿਰਾਈ ਨਾਲ ਫੜਦਿਆਂ ਹਰਮੇਸ਼ ਮਾਲੜੀ ਨੇ ਸਮਾਜ ਦੇ ਅਦਿੱਖ ਵਰਤਾਰੇ ਰੌਸ਼ਨੀ ਵਿੱਚ ਲਿਆਂਦੇ ਹਨ। ਹਰਮੇਸ਼ ਮਾਲੜੀ ਨੇ ਨਾਵਲ ਸਬੰਧੀ ਹੋਈ ਵਿਚਾਰ-ਚਰਚਾ ਨੂੰ ਉਸਾਰੂ ਦ੍ਰਿਸ਼ਟੀ ਤੋਂ ਲੈਦਿਆਂ ਸਭਨਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ।
ਕੈਪਸ਼ਨ– ਕਿਤਾਬਾਂ ਦਾ ਸੈੱਟ ਪ੍ਰਾਪਤ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਹੁਦੇਦਾਰ।