ਪੱਤਰ ਪ੍ਰੇਰਕ
ਭੁਲੱਥ, 10 ਜੁਲਾਈ
ਹਲਕਾ ਭੁਲੱਥ, ਕਪੂਰਥਲਾ ਤੇ ਫਗਵਾੜਾ ਐੱਸਡੀਐੱਮ ਤੋਂ ਵਾਂਝੇ ਹਨ। ਇਨ੍ਹਾਂ ਹਲਕਿਆਂ ਦੇ ਲੋਕ ਜਨਤਕ ਸੇਵਾਵਾਂ ਲਈ ਖੱਜਲ ਖੁਆਰ ਹੋ ਰਹੇ ਹਨ। ਇਸ ਸਬੰਧੀ ਗੱਲ ਕਰਦਿਆਂ ਪਿੰਡ ਭੁਲੱਥ ਦੇ ਗੁਰਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਭੁਲੱਥ ਸਬ ਡਿਵੀਜ਼ਨ ਵਿੱਚ ਤਾਇਨਾਤ ਨਾਇਬ ਤਹਿਸੀਲਦਾਰ, ਤਹਿਸੀਲਦਾਰ ਤੇ ਸਬ-ਡਿਵੀਜਨ ਮੈਜਿਸਟਰੇਟ ਦੀਆਂ ਬਦਲੀਆਂ ਕੁਝ ਦਿਨਾਂ ਬਾਅਦ ਹੀ ਕਰ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਕਾਫੀ ਸਮੇਂ ਤੋਂ ਸਬ ਡਵੀਜ਼ਨ ਨੂੰ ਪੱਕਾ ਐੱਸਡੀਐੱਮ ਨਾ ਮਿਲਣ ਕਾਰਨ ਲੋਕ ਇੰਤਕਾਲਾਂ ਤੇ ਹੋਰ ਕੇਸਾਂ ਦੀ ਸੁਣਵਾਈ ਨਾ ਹੋਣ ਕਰਕੇ ਖੱਜਲ ਖੁਆਰ ਹੋ ਰਹੇ ਹਨ। ਇਸ ਤਰ੍ਹਾਂ ਹੀ ਤਹਿਸੀਲਦਾਰ ਨੂੰ ਵੀ ਲੰਮੇ ਸਮੇਂ ਲਈ ਟਿਕਣ ਨਹੀਂ ਦਿੱਤਾ ਜਾ ਰਿਹਾ। ਪਿੰਡ ਬਜਾਜ ਦੇ ਸਾਬਕਾ ਸਰਪੰਚ ਬਲਵਿੰਦਰ ਕੁਮਾਰ ਦਾ ਕਹਿਣਾ ਹੈ ਇਸ ਵਾਰ ਬਦਲੀਆਂ ਕਰਕੇ ਸਰਕਾਰ ਨੇ ਫਗਵਾੜਾ, ਕਪੂਰਥਲਾ ਤੇ ਭੁਲੱਥ ਸਬ ਡਵੀਜ਼ਨ ਨੂੰ ਸਬ ਡਵੀਜ਼ਨ ਮੈਜਿਸਟਰੇਟ ਤੋਂ ਵਾਂਝਾ ਕਰ ਦਿੱਤਾ ਹੈ। ਉਨ੍ਹਾਂ ਇਨ੍ਹਾਂ ਹਲਕਿਆਂ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਹਰਾਉਣਾ ਤੇ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਸਜ਼ਾ ਦੱਸਿਆ। ਇਸ ਦੌਰਾਨ ਇਲਾਕੇ ਦੇ ਪੰਚਾਂ-ਸਰਪੰਚਾਂ ਤੇ ਲੰਬੜਦਾਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਭੁਲੱਥ ਸਬ ਡਿਵੀਜ਼ਨ ਨੂੰ ਪੱਕੇ ਤੌਰ ’ਤੇ ਸਬ ਡਵੀਜ਼ਨ ਮੈਜਿਸਟਰੇਟ ਦਿੱਤਾ ਜਾਵੇ।