ਹੁਸ਼ਿਆਰਪੁਰ: ਸਿਵਲ ਹਸਪਤਾਲ ਵਿੱਚ ਲਗਾਈ ਜਾਣ ਵਾਲੀ ਸੀਟੀ ਸਕੈਨ ਮਸ਼ੀਨ ਦੇ ਮਾਮਲੇ ਸਬੰਧੀ ਡੈਮੋਕ੍ਰੈਟਿਕ ਪਾਰਟੀ ਲੋਕ ਦਲ ਦਾ ਇਕ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ। ਇਸ ਦੌਰਾਨ ਵਫ਼ਦ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਦਲ ਦੇ ਕੌਮੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਨੇ ਦੱਸਿਆ ਕਿ ਪਬਲਿਕ ਪਾਰਟਨਰਸ਼ਿਪ (ਪੀ.ਪੀ.ਪੀ) ਦੀ ਸਹਾਇਤਾ ਨਾਲ ਪੰਜਾਬ ਦੇ ਬਾਕੀ ਸਰਕਾਰੀ ਹਸਪਤਾਲਾਂ ਵਿੱਚ ਸੀਟੀ ਸਕੈਨ ਮਸ਼ੀਨਾਂ ਲੱਗ ਚੁੱਕੀਆਂ ਹਨ ਪਰ ਸਿਰਫ਼ ਹੁਸ਼ਿਆਰਪੁਰ ਵਿਚ ਇਹ ਸੀਟੀ ਸਕੈਨ ਮਸ਼ੀਨ ਸਥਾਪਤ ਨਹੀਂ ਹੋ ਸਕੀ। ਉਨ੍ਹਾਂ ਮੰਗ ਕੀਤੀ ਕਿ ਇਸ ਕੰਮ ਵਿਚ ਰੁਕਾਵਟਾਂ ਪੈਦਾ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਡੀਸੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਸ ਮੰਗ ਪੱਤਰ ਪੰਜਾਬ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ। -ਪੱਤਰ ਪ੍ਰੇਰਕ