ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 8 ਅਪਰੈਲ
ਥਾਣਾ ਪੋਜੇਵਾਲ ਦੀ ਪੁਲੀਸ ਵਲੋਂ ਪਿੰਡ ਉਟਾਲ ਮਜਾਰਾ ਵਿੱਚ ਰਾਤ ਸਮੇਂ ਇੱਕ ਘਰ ਵਿੱਚ ਦਾਖ਼ਲ ਹੋ ਕੇ ਹਵਾਈ ਫਾਇਰ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪਿੰਡ ਉਟਾਲ ਮਜਾਰਾ ਵਿੱਚ ਬੈਬਲ ਸਿੰਘ ਪੁੱਤਰ ਹੁਕਮ ਸਿੰਘ ਨੇ ਪੁਲੀਸ ਕੋਲ ਦਿੱਤੀ ਦਰਖਾਸਤ ਵਿੱਚ ਕਿਹਾ ਹੈ ਕਿ ਉਹ ਤੇ ਉਸ ਦੇ ਦੋ ਭਰਾਵਾਂ ਬਲਰਾਮ ਅਤੇ ਬਾਂਕਾ ਸਿੰਘ ਇੱਕੋ ਘਰ ਵਿੱਚ ਇਕੱਠੇ ਰਹਿੰਦੇ ਹਨ। ਲੰਘੀ ਰਾਤ ਉਹ ਆਪਣੇ ਘਰ ਵਿੱਚ ਸੁੱਤੇ ਪਏ ਸਨ ਤੇ ਉਨ੍ਹਾਂ ਦੇ ਘਰ ਦਾ ਮੁੱਖ ਗੇਟ ਖੁੱਲ੍ਹਾ ਸੀ। ਦੇਰ ਰਾਤ ਕਰੀਬ 1 ਵਜੇ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਵੜ ਆਏ ਅਤੇ ਉਸ ਦੇ ਭਰਾ ਬਾਂਕਾ ਸਿੰਘ ਨੂੰ ਪੈਰ ਤੋਂ ਹਿਲਾ ਕੇ ਉਸ ਦੇ ਭਤੀਜੇ ਗੋਪੇ ਬਾਰੇ ਪੁੱਛਣ ਲੱਗੇ। ਉਨ੍ਹਾਂ ਅਣਪਛਾਤੇ ਵਿਅਕਤੀਆਂ ਨੂੰ ਦੱਸਿਆ ਕਿ ਗੋਪਾ ਘਰ ਨਹੀਂ ਆਉਂਦਾ। ਉਪਰੰਤ ਉਕਤ ਅਣਪਛਾਤੇ ਵਿਅਕਤੀਆਂ ਨੇ ਜਾਂਦੇ ਸਮੇਂ ਘਰ ਦੇ ਬਾਹਰ ਦੋ ਹਵਾਈ ਫਾਇਰ ਕਰ ਦਿੱਤੇ ਅਤੇ ਬਿਜਲੀ ਨਾ ਹੋਣ ਕਾਰਨ ਉਹ ਅਣਪਛਾਤੇ ਵਿਅਕਤੀਆਂ ਨੂੰ ਪਛਾਣ ਵੀ ਨਹੀਂ ਸਕੇ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।