ਪੱਤਰ ਪ੍ਰੇਰਕ
ਗੜ੍ਹਸ਼ੰਕਰ, 18 ਜੁਲਾਈ
ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਤਰਜ਼ਮਾਨ ਬੀਬੀ ਨਿਮਿਸ਼ਾ ਮਹਿਤਾ ਨੇ ਕੇਂਦਰ ਸਰਕਾਰ ਵੱਲੋਂ ਲੋੜਵੰਦ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨਾਂ ਦੀ ਉਸਾਰੀ ਲਈ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਸਹੀ ਸਮੇਂ ’ਤੇ ਜਾਰੀ ਨਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਇਕ ਪੱਤਰ ਲਿਖ ਕੇ ਜੁਲਾਈ ਮਹੀਨੇ ਦੇ ਪਾਰਲੀਮਾਨੀ ਸੈਸ਼ਨ ਵਿੱਚ ਇਸ ਸਬੰਧੀ ਸਵਾਲ ਉਠਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿਹਾੜੀਦਾਰ ਲੋਕਾਂ ਨੂੰ ਮਕਾਨ ਉਸਾਰੀ ਲਈ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਲਈ ਅਰਜ਼ੀਆਂ ਮੰਗਣ ਤੇ ਰਾਸ਼ੀ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਗੁੰਝਲਦਾਰ ਹੈ ਅਤੇ ਜਿਸ ਵੈੱਬਸਾਈਟ ’ਤੇ ਲਾਭਪਾਤਰੀਆਂ ਵੱਲੋਂ ਆਪਣੀਆਂ ਅਰਜ਼ੀਆਂ ਤੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨੇ ਹੁੰਦੇ ਹਨ ਉਹ ਵੈੱਬਸਾਈਟ ਕਈ ਕਈ ਮਹੀਨੇ ਬੰਦ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਬਰਸਾਤਾਂ ਦੌਰਾਨ ਗੜ੍ਹਸ਼ੰਕਰ ਹਲਕੇ ਦੇ ਅਨੇਕਾਂ ਲੋੜਵੰਦ ਪਰਿਵਾਰਾਂ ਦੇ ਘਰ ਮੀਂਹਾਂ ਦੌਰਾਨ ਡਿੱਗ ਪਏ ਸਨ ਜਿਨ੍ਹਾਂ ਨੇ ਉਕਤ ਯੋਜਨਾ ਤਹਿਤ ਆਪਣੇ ਬਿਨੈ ਪੱਤਰ ਭੇਜੇ ਸਨ ਪਰ ਅਜੇ ਤੱਕ ਵੀ ਉਕਤ ਪਰਿਵਾਰਾਂ ਨੂੰ ਛੱਤ ਨਸੀਬ ਨਹੀਂ ਹੋ ਸਕੀ। ਉਨ੍ਹਾਂ ਸ੍ਰੀ ਤਿਵਾੜੀ ਤੋਂ ਮੰਗ ਕੀਤੀ ਕਿ ਉਹ ਕੇਂਦਰ ਨੂੰ ਵੈੱਬਸਾਈਟ ਹਰ ਸਮੇਂ ਖੁੱਲ੍ਹੀ ਰੱਖਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕਰਨ।