ਜਗਜੀਤ ਸਿੰਘ
ਮੁਕੇਰੀਆਂ, 31 ਦਸੰਬਰ
ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਗੁਰਧਿਆਨ ਸਿੰਘ ਮੁਲਤਾਨੀ ਨੇ ਉਸ ਦੇ ਪਿੰਡ ਦੇ ਵਸਨੀਕ ਅਤੇ ਲੁਧਿਆਣਾ ਬੰਬ ਧਮਾਕੇ ਸਬੰਧੀ ਮਾਮਲੇ ਵਿੱਚ ਪੰਜਾਬ ਪੁਲੀਸ ਵੱਲੋਂ ਨਾਮਜ਼ਦ ਕੀਤੇ ਗਏ ਜਸਵਿੰਦਰ ਸਿੰਘ ਮੁਲਤਾਨੀ ਨੂੰ ਉਨ੍ਹਾਂ ਦਾ ਭਤੀਜਾ ਦੱਸੇ ਜਾਣ ਵਾਲੇ ਇੱਕ ਨਿੱਜੀ ਟੀਵੀ ਚੈਨਲ ਅਤੇ ਉਸ ਦੇ ਪੱਤਰਕਾਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਪ੍ਰੋਫੈਸਰ ਮੁਲਤਾਨੀ ਨੇ ਅੱਜ ਇੱਥੇ ਇੱਕ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਚੋਣਾਂ ਵਿੱਚ ਵਿਰੋਧੀਆਂ ਵੱਲੋਂ ਅਜਿਹਾ ਪ੍ਰਚਾਰ ਕਰ ਕੇ ਉਨ੍ਹਾਂ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਦੇ ਅਕਸ ਨੂੰ ਢਾਹ ਲਗਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਮੁਲਤਾਨੀ ਉਨ੍ਹਾਂ ਦੇ ਪਿੰਡ ਮਨਸੂਰਪੁਰ ਦਾ ਵਸਨੀਕ ਹੈ, ਪਰ ਉਸ ਨਾਲ ਉਨ੍ਹਾਂ ਦਾ ਕੋਈ ਨਾਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਨਿੱਜੀ ਟੀਵੀ ਚੈਨਲ ਨੇ ਬਿਨਾ ਕਿਸੇ ਸਬੂਤ ਤੋਂ ਜਸਵਿੰਦਰ ਮੁਲਤਾਨੀ ਨੂੰ ਉਨ੍ਹਾਂ ਦਾ ਭਤੀਜਾ ਦੱਸ ਕੇ ਉਨ੍ਹਾਂ ਅਤੇ ਪਾਰਟੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸ੍ਰੀ ਮੁਲਤਾਨੀ ਨੇ ਕਿਹਾ ਕਿ ਇਹ ਇਕ ਸੋਚੀ ਸਮਝੀ ਸਿਆਸੀ ਚਾਲ ਹੈ ਅਤੇ ਇਹ ਘਿਨਾਉਣੀ ਹਰਕਤ ਨਾਲ ਉਨ੍ਹਾਂ ਦੇ ਮਾਣ ਨੂੰ ਹਾਨੀ ਹੋਈ ਹੈ, ਜਿਸ ਖ਼ਿਲਾਫ਼ ਉਹ ਕਾਨੂੰਨੀ ਚਾਰਾਜੋਈ ਕਰਨਗੇ।