ਧਿਆਨ ਸਿੰਘ ਭਗਤ
ਕਪੂਰਥਲਾ, 8 ਫਰਵਰੀ
ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮੰਜੂ ਰਾਣਾ ਨੇ ਪੁਲੀਸ ਪ੍ਰਸ਼ਾਸਨ ’ਤੇ ਧੱਕੇਸ਼ਾਹੀ ਦਾ ਦੋਸ਼ ਲਗਾਉਂਦੇ ਹੋਏ ਸਵੇਰੇ ਸੁਲਤਾਨਪੁਰ ਲੋਧੀ ਸੜਕ ’ਤੇ ਡੀਐੱਸਪੀ ਦਫ਼ਤਰ ਦੇ ਬਾਹਰ ਠੀਕ ਥਾਣਾ ਸਦਰ ਕਪੂਰਥਲਾ ਸਾਹਮਣੇ ਸੜਕ ’ਤੇ ਲੇਟ ਕੇ ਧਰਨਾ ਦੇਣ ਅਤੇ ਭੁੱਖ ਹੜਤਾਲ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਸੜਕ ਜਾਮ ਕਰ ਦਿੱਤੀ। ਮੰਜੂ ਰਾਣਾ ਨੇ ਪੁਲੀਸ ’ਤੇ ਕਥਿਤ ਦੋਸ਼ ਲਗਾਏ ਕਿ ਪੂਰਾ ਪ੍ਰਸ਼ਾਸਨ ਮੌਜੂਦਾ ਵਿਧਾਇਕ ਦੇ ਹੱਕ ਵਿੱਚ ਕੰਮ ਕਰ ਰਿਹਾ ਹੈ। ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਗਤੀਵਿਧੀਆਂ ’ਤੇ ਰੋਕ ਲਗਾਈ ਜਾ ਰਹੀ ਹੈ। ਉਨ੍ਹਾਂ ਚੋਣ ਕਮਿਸ਼ਨ ਪਾਸੋਂ ਇਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਵਿਧਾਇਕ ਖ਼ਿਲਾਫ਼ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਸਬੰਧੀ ਐੱਸਪੀ ਜਸਵੀਰ ਸਿੰਘ ਨੇ ਕਿਹਾ ਕਿ ਜੋ ਨੌਜਵਾਨ ਪੁਲੀਸ ਵੱਲੋਂ ਚੁੱਕੇ ਗਏ ਸਨ, ਉਨ੍ਹਾਂ ’ਚੋਂ ਇਕ ਨੌਜਵਾਨ ਨੂੰ ਪੁੱਛਗਿੱਛ ਉਪਰੰਤ ਛੱਡ ਦਿੱਤਾ ਗਿਆ ਹੈ, ਜਦਕਿ ਦੂਜੇ ਨੌਜਵਾਨ ਖ਼ਿਲਾਫ਼ ਪਹਿਲਾਂ ਹੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਹਨ। ਪੁਲੀਸ ਵਿਭਾਗ ਵੱਲੋਂ ਕਿਸੇ ਪ੍ਰਤੀ ਕੋਈ ਵੀ ਪੱਖਪਾਤ ਨਹੀਂ ਕੀਤਾ ਗਿਆ। ਉਨ੍ਹਾਂ ਅੱਜ ਦੇ ਧਰਨੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ।
ਐੱਸਡੀਐੱਮ ਨੇ ਧਰਨਾ ਸਮਾਪਤ ਕਰਵਾਇਆ
ਮੌਕੇ ’ਤੇ ਪੁੱਜੇ ਐੱਸਡੀਐੱਮ ਕਪੂਰਥਲਾ ਜੈਇੰਦਰ ਸਿੰਘ ਨੇ ‘ਆਪ’ ਉਮੀਦਵਾਰ ਅਤੇ ਵਾਲੰਟੀਅਰਾਂ ਨੂੰ ਵਿਸ਼ਵਾਸ ਦਵਾਇਆ ਕਿ ਕਾਨੂੰਨ ਆਪਣਾ ਕੰਮ ਕਰੇਗਾ। ਸ਼ਾਮ ਪੰਜ ਵਜੇ ਐੱਸਡੀਐੱਮ ਨੇ ਮੰਜੂ ਰਾਣਾ ਨੂੰ ਜੂਸ ਪਿਲਾਇਆ ਅਤੇ ਧਰਨਾ ਪ੍ਰਦਰਸ਼ਨ ਖਤਮ ਕਰਵਾ ਕੇ ਹਰ ਤਰ੍ਹਾਂ ਦਾ ਸਹਿਯੋਗ ਅਤੇ ਇਨਸਾਫ ਭਰੋਸਾ ਦਿੱਤਾ।