ਗੁਰੂਗ੍ਰਾਮ, 3 ਅਕਤੂਬਰ
ਇੱਥੇ ਅੱਜ ਸਵੇਰੇ ਇੱਕ ਪੁਰਾਣੀ ਫੈਕਟਰੀ ਦੀ ਇਮਾਰਤ ਡਿੱਗਣ ਕਾਰਨ ਮਲਬੇ ਹੇਠ ਦੱਬ ਕੇ ਦੋ ਮਜ਼ਦੂੁਰਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਇੱਕ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਗੁੱਡੂ (35) ਅਤੇ ਪ੍ਰਦੀਪ (24), ਜਦਕਿ ਜ਼ਖ਼ਮੀਆਂ ਦੀ ਪਛਾਣ ਰਾਮਾਕਾਂਤ (27) ਅਤੇ ਨਰੇਸ਼ (26) ਵਜੋਂ ਹੋਈ ਹੈ। ਇਹ ਸਾਰੇ ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਦੇ ਫਤਹਿਪੁਰ ਚੌਰਾਸੀ ਦੇ ਵਸਨੀਕ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਜਦੋਂ ਹਾਦਸਾ ਵਾਪਰਿਆਂ ਤਾਂ ਛੇ ਮਜ਼ਦੂਰ ਪੁਰਾਣੀ ਫੈਕਟਰੀ ਦੀ ਇਮਾਰਤ ਨੂੰ ਢਾਹੁਣ ਦਾ ਕੰਮ ਕਰ ਰਹੇ ਸਨ।
ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਦੱਸਿਆ ਕਿ ਉਦਯੋਗ ਵਿਹਾਰ ਦੇ ਫੇਜ਼ ਇੱਕ ਸਥਿਤ ਪਲਾਟ ਨੰਬਰ 257 ਵਿੱਚ ਸਵੇਰੇ ਕਰੀਬ ਅੱਠ ਵਜੇ ਹਾਦਸਾ ਵਾਪਰਿਆ। ਇਸ ਦੌਰਾਨ ਚਾਰ ਮਜ਼ਦੂਰ ਇਮਾਰਤ ਦੇ ਅੰਦਰ, ਜਦ ਕਿ ਦੋ ਬਾਹਰ ਸਨ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਲਈ ਸਬ ਡਿਵੀਜ਼ਨਲ ਮੈਜਿਸਟਰੇਟ ਰਵਿੰਦਰ ਯਾਦਵ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ। ਇਸ ਤੋਂ ਇਲਾਵਾ ਲੇਬਰ ਵਿਭਾਗ ਦੀ ਇੱਕ ਟੀਮ ਵੀ ਹਾਦਸੇ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਤੇ ਜ਼ਖ਼ਮੀਆਂ ਨੂੰ ਮੁਆਵਜ਼ਾ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ।
ਪੁਲੀਸ ਅਨੁਸਾਰ ਇਮਾਰਤ ਪਿਛਲੇ ਛੇ ਸਾਲਾਂ ਤੋਂ ਬੰਦ ਸੀ ਅਤੇ ਇਸ ਨੂੰ ਢਾਹੁਣ ਦਾ ਕੰਮ ਇੱਕ ਮਹੀਨਾ ਪਹਿਲਾਂ ਸ਼ੁਰੂ ਹੋਇਆ ਸੀ। ਇਮਾਰਤ ਦੀਆਂ ਦੋ ਮੰਜ਼ਿਲਾਂ ਨੂੰ ਢਾਹੁਣ ਦਾ ਕੰਮ ਮੁਕੰਮਲ ਹੋ ਚੁੱਕਿਆ ਸੀ। ਅੱਜ ਜਦੋਂ ਪਹਿਲੀ ਮੰਜ਼ਿਲ ਨੂੰ ਢਾਹੁਣ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਪੂੁਰੀ ਇਮਾਰਤ ਢਹਿ-ਢੇਰੀ ਹੋ ਗਈ। ਪੁਲੀਸ ਟੀਮ ਵੱਲੋਂ ਜਾਣਕਾਰੀ ਮਿਲਣ ਮਗਰੋਂ ਪੁਲੀਸ ਦੇ ਡਿਪਟੀ ਕਮਿਸ਼ਨਰ (ਪੱਛਮੀ) ਦੀਪਕ ਸਾਹਾਰਨ ਨੇ ਸਿਵਲ ਅਤੇ ਫਾਇਰ ਬ੍ਰਿਗੇਡ ਦੀ ਟੀਮ ਨਾਲ ਬਚਾਅ ਕਾਰਜ ਸ਼ੁਰੂ ਕੀਤੇ।
ਇਸ ਮਗਰੋਂ ਐੱਸਡੀਆਰਐੱਫ ਅਤੇ ਐੱਨਡੀਆਰਐੱਫ ਦੀ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ ਅਤੇ ਚਾਰ ਘੰਟਿਆਂ ਦੀ ਮੁਸ਼ੱਕਤ ਮਗਰੋਂ ਮਜ਼ਦੂਰਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਗਿਆ। ਡੀਸੀ ਨੇ ਦੱਸਿਆ ਕਿ ਇੱਕ ਮਜ਼ਦੂਰ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਇੱਕ ਹੋਰ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਜਦਕਿ ਜ਼ਖ਼ਮੀਆਂ ਵਿੱਚੋਂ ਨਾਰੇਸ਼ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਰਾਮਾਕਾਂਤ ਦਾ ਇਲਾਜ ਚੱਲ ਰਿਹਾ ਹੈ। -ਪੀਟੀਆਈ