ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਮਈ
ਪੰਜਾਬੀ ਸਾਹਿਤ ਸਭਾ ਨੇ ਇੱਥੇ ਪੰਜਾਬੀ ਭਵਨ ਵਿੱਚ ਡਾ. ਹਰਚਰਨ ਕੌਰ ਦੀ ਪ੍ਰਧਾਨਗੀ ਹੇਠ ਸਾਹਿਤਕ ਇਕੱਤਰਤਾ ਕਰਵਾਈ। ਮੰਚ ਸੰਚਾਲਕ ਤੇ ਭਵਨ ਦੇ ਡਾਇਰੈਕਟਰ ਬਲਬੀਰ ਮਾਧੋਪੁਰੀ ਨੇ ਲੇਖਕਾਂ ਤੇ ਉਨ੍ਹਾਂ ਦੀਆਂ ਰਚਨਾਵਾਂ ਨਾਲ ਜਾਣ-ਪਛਾਣ ਕਰਵਾਈ। ਪ੍ਰੋਗਰਾਮ ਦੇ ਸ਼ੁਰੂ ਵਿਚ ਸਦੀ ਦੇ ਜਗਤ ਪ੍ਰਸਿੱਧ ਕਵੀ ਡਾ. ਸੁਰਜੀਤ ਪਾਤਰ, ਨਾਮਵਰ ਸ਼ਾਇਰ ਡਾ. ਮੋਹਨਜੀਤ ਦੇ ਸਦੀਵੀ ਵਿਛੋੜੇ ਸਬੰਧੀ ਹਾਜ਼ਰ ਵਿਦਿਆਰਥੀਆਂ-ਖੋਜਾਰਥੀਆਂ ਤੇ ਸੁੁਹਿਰਦ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਬਲਬੀਰ ਮਾਧੋਪੁਰੀ ਨੇ ਇਨ੍ਹਾਂ ਸ਼ਾਇਰਾਂ ਦੀਆਂ ਕਵਿਤਾਵਾਂ ਦੇ ਹਵਾਲੇ ਦਿੱਤੇ। ਸੁਰਜੀਤ ਪਾਤਰ ਤੇ ਮੋਹਨਜੀਤ ਬਾਰੇ ਪੰਜਾਬੀ ਸਾਹਿਤ ਸਭਾ ਵਲੋਂ ਸੋਗ ਮਤੇ ਪੜ੍ਹੇ ਗਏ। ਉਪਰੰਤ ਖੜ੍ਹੇ ਹੋ ਕੇ ਦੋ ਮਿੰਟ ਦੀ ਸ਼ਰਧਾਂਜਲੀ ਦਿੱਤੀ ਗਈ। ਪ੍ਰੋਗਰਾਮ ਦੇ ਦੂਜੇ ਪੜਾਅ ਵਿਚ ਰਵਿੰਦਰ ਰੁਪਾਲ ਕੌਲਗੜ੍ਹ ਨੇ ਆਪਣੀ ਕਹਾਣੀ ‘ਨਿਆਈਂ ਵਾਲਾ ਟੱਕ’ ਪੜ੍ਹੀ। ਨਾਮੀ ਕਹਾਣੀਕਾਰ, ਨਿਬੰਧਕਾਰ ਤੇ ਕਵੀ ਸੁਰਿੰਦਰ ਸਿੰਘ ਓਬਰਾਏ ਨੇ ਤਿੰਨ ਖ਼ੂਬਸੂਰਤ ਰਚਨਾਵਾਂ ਨਿਵੇਕਲੇ ਅੰਦਾਜ਼ ਵਿਚ ਪੜ੍ਹੀਆਂ ਅਤੇ ਉੱਘੀ ਕਵਿੱਤਰੀ-ਗਜ਼ਲਕਾਰ ਅਰਕਮਲ ਕੌਰ ਨੇ ਵੀ ਤਿੰਨ ਕਵਿਤਾਵਾਂ ਸੁਣਾਈਆਂ। ‘ਕੀੜੀ ਦਾ ਆਟਾ ਡੁੱਲ੍ਹ ਗਿਆ’ ਨੂੰ ਸਰੋਤਿਆਂ ਵਲੋਂ ਬਹੁਤ ਪਸੰਦ ਕੀਤਾ ਗਿਆ।
ਆਪਣੇ ਪ੍ਰਧਾਨਗੀ ਸ਼ਬਦਾਂ ’ਚ ਡਾ. ਹਰਚਰਨ ਦੌਰ ਨੇ ਡਾ. ਸੁਰਜੀਤ ਪਾਤਰ, ਡਾ. ਮੋਹਨਜੀਤ ਤੇ ਡਾ. ਕਰਨਜੀਤ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸਾਹਿਤਕ ਦੇਣ ਦੀ ਸੰਖੇਪ ਚਰਚਾ ਕੀਤੀ। ਉਨ੍ਹਾਂ ਆਪਣੀਆਂ ਤਿੰਨ ਕਵਿਤਾਵਾਂ ਸੁਣਾਈਆਂ ਤੇ ਇਕੱਤਰਤਾ ’ਚ ਪੜ੍ਹੀਆਂ ਰਚਨਾਵਾਂ ਉਤੇ ਮੁੱਲਵਾਨ ਟਿੱਪਣੀਆਂ ਕੀਤੀਆਂ। ਪ੍ਰੋਗਰਾਮ ਵਿਚ ਹੋਰਾਂ ਸਮੇਤ ਪੱਤਰਕਾਰ ਮਨਧੀਰ ਸਿੰਘ ਦਿਓਲ, ਪਰਮਜੀਤ ਸਿੰਘ (ਨੈਸ਼ਨਲ ਬੁਕ ਸ਼ਾਪ), ਕਹਾਣੀਕਾਰ ਸਨੇਹਇੰਦਰ ਮੀਲੂ ਫਰੌਰ, ਗੁਰਚਰਨ ਸਿੰਘ ਚਰਨ, ਜਸਵੰਤ ਸਿੰਘ ਸੇਖਵਾਂ, ਤਰਸੇਮ ਫਿਲਮਸਾਜ਼, ਅਮਨਦੀਪ ਸਿੰਘ, ਤਰਲੋਚਨ ਕੌਰ, ਜੀ.ਐਸ. ਗਰਚਾ, ਤਰਸੇਮ ਸਿੰਘ ਐਡਵੋਕੇਟ, ਕੁਝ ਵਿਦਿਆਰਥੀ ਤੇ ਖੋਜਾਰਥੀ ਵੀ ਸ਼ਾਮਲ ਹੋਏ।
ਜੇਐੱਨਯੂ ਵਿੱਚ ਸ਼ੋਕ ਸਭਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਦੇ ਪੰਜਾਬੀ ਪਿਛੋਕੜ ਦੇ ਵਿਦਿਆਰਥੀਆਂ ਵੱਲੋਂ ਬੀਤੀ ਦੇਰ ਸ਼ਾਮ ਸ਼ਾਮ ਨੂੰ ਮਰਹੂਮ ਕਵੀ ਡਾ. ਸੁਰਜੀਤ ਪਾਤਰ ਦੇ ਜੀਵਨ ਅਤੇ ਵਿਰਾਸਤ ਬਾਰੇ ਸਮਾਗਮ ਸਾਬਰਮਤੀ ਹੋਸਟਲ ਮੈਸ ਵਿੱਚ ਹੋਇਆ ਅਤੇ ਇਸ ਵਿੱਚ ਇੱਕ ਵਿਸ਼ੇਸ਼ ਬੁਲਾਰੇ ਡਾ. ਸੁਮੇਲ ਸਿੰਘ ਸਿੱਧੂ ਸ਼ਾਮਲ ਹੋਏ। ਸ਼ੋਕ ਸਭਾ ਦਾ ਉਦੇਸ਼ ਮਰਹੂਮ ਕਵੀ ਦੇ ਯੋਗਦਾਨ ਨੂੰ ਸ਼ਰਧਾਂਜਲੀ ਭੇਟ ਕਰਨਾ ਅਤੇ ਸਾਹਿਤ ਅਤੇ ਸੱਭਿਆਚਾਰ ‘ਤੇ ਉਸਦੇ ਸਥਾਈ ਪ੍ਰਭਾਵ ਦਾ ਜਸ਼ਨ ਮਨਾਉਣਾ ਸੀ। ਡਾ. ਸੁਮੇਲ ਸਿੰਘ ਸਿੱਧੂ ਨੇ ਡਾ. ਸੁਰਜੀਤ ਸਿੰਘ ਪਾਤਰ ਦੇ ਜੀਵਨ, ਕਵਿਤਾ ਅਤੇ ਵਿਚਾਰ ਦੇ ਪੰਜਾਬ ਦੇ ਸਾਹਿਤਕ ਦ੍ਰਿਸ਼ ਨੂੰ ਰੂਪ ਦੇਣ ਅਤੇ ਪੀੜ੍ਹੀਆਂ ਨੂੰ ਪ੍ਰੇਰਨਾ ਦੇਣ ਦੇ ਉਨ੍ਹਾਂ ਦੇ ਕੰਮ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਬਹੁਤ ਸਾਰੇ ਗੈਰ-ਪੰਜਾਬੀ ਵਿਦਿਆਰਥੀਆਂ ਨੇ ਵੀ ਡਾ. ਪਾਤਰ ਦੇ ਕਾਵਿ ਵਿਸ਼ਿਆਂ ਦੀ ਵਿਆਪਕ ਅਪੀਲ ਅਤੇ ਪ੍ਰਸੰਗਿਕਤਾ ਨੂੰ ਦਰਸਾਉਂਦੇ ਹੋਏ ਭਾਗ ਲਿਆ।