ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਸਤੰਬਰ
ਦਿੱਲੀ ਟਰੈਫਿਕ ਪੁਲੀਸ ਸ਼ਹਿਰ ਦੇ ਉਨ੍ਹਾਂ 100 ‘ਮਾੜੇ’ ਡਰਾਈਵਰਾਂ ਦੀ ਸੂਚੀ ਜਾਰੀ ਕਰੇਗੀ, ਜੋ ਨਿਯਮਿਤ ਤੌਰ ’ਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਇਹ ਪਹਿਲੀ ਵਾਰ ਹੈ, ਜਦੋਂ ਪੁਲੀਸ ਵੱਲੋਂ ਅਜਿਹੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਚੀ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਚਾਰ ਅਪਰਾਧਾਂ, ਲਾਲ ਬੱਤੀ ਜੰਪਿੰਗ, ਤੇਜ਼ ਰਫਤਾਰ, ਸ਼ਰਾਬ ਪੀ ਕੇ ਗੱਡੀ ਚਲਾਉਣਾ ਤੇ ਖਤਰਨਾਕ ਡਰਾਈਵਿੰਗ ਦੇ ਆਧਾਰ ’ਤੇ ਕੀਤੀ ਜਾਵੇਗੀ।
ਵਿਸ਼ੇਸ਼ ਪੁਲੀਸ ਕਮਿਸ਼ਨਰ (ਟਰੈਫਿਕ) ਮੁਕੇਸ਼ ਚੰਦਰ ਨੇ ਕਿਹਾ ਕਿ ਇਸ ਦੇ ਪਿੱਛੇ ਦਾ ਮਕਸਦ ਉਨ੍ਹਾਂ ਡਰਾਈਵਰਾਂ ਨੂੰ ਸੂਚਿਤ ਕਰਨਾ ਹੈ ਕਿ ਉਨ੍ਹਾਂ ਦਾ ਡਰਾਈਵਿੰਗ ਹੁਨਰ ਬਹੁਤ ਮਾੜਾ ਹੈ ਤੇ ਉਨ੍ਹਾਂ ਨੂੰ ਇਸ ਵਿੱਚ ਸੁਧਾਰ ਕਰਨ ਦੀ ਲੋੜ ਹੈ। ਪੁਲੀਸ ਦਾ ਮੰਤਵ ਉਨ੍ਹਾਂ ਨੂੰ ਇਹ ਦੱਸਣਾ ਹੈ ਕਿ ਉਨ੍ਹਾਂ ਦੀ ਡਰਾਈਵਿੰਗ ਇੰਨੀ ਮਾੜੀ ਹੈ ਕਿ ਉਹ ਨਿਯਮਾਂ ਦੀ ਲਗਾਤਾਰ ਉਲੰਘਣਾ ਕਰ ਰਹੇ ਹਨ। ਉਨ੍ਹਾਂ ਦੇ ਡਰਾਈਵਿੰਗ ਦੇ ਨਾਲ ਉਹ ਖੁਦ ਵੀ ਖਤਰੇ ਵਿੱਚ ਹਨ ਤੇ ਨਾਲ ਹੀ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰ ਜੋ ਉਨ੍ਹਾਂ ਦੇ ਨਾਲ ਜਾਂਦੇ ਹਨ ਤੇ ਸੜਕ ’ਤੇ ਹੋਰ ਲੋਕ ਵੀ ਖਤਰੇ ਵਿੱਚ ਹਨ। ਚੰਦਰ ਨੇ ਕਿਹਾ, ‘ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਦੀ ਡਰਾਈਵਿੰਗ ਆਦਤਾਂ ਠੀਕ ਨਹੀਂ ਹਨ ਅਤੇ ਉਨ੍ਹਾਂ ਨੂੰ ਸਾਡੀ ਸੜਕ ਸੁਰੱਖਿਆ ਕਲਾਸਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ, ਜਿੱਥੇ ਅਸੀਂ ਉਨ੍ਹਾਂ ਨੂੰ ਸੜਕ ਸੁਰੱਖਿਆ ਬਾਰੇ ਸਿਖਾਵਾਂਗੇ।’
ਜੇ ਉਹ ਵਾਰ-ਵਾਰ ਉਲੰਘਣਾਂ ਕਰਦੇ ਰਹਿੰਦੇ ਹਨ ਤਾਂ ਉਨ੍ਹਾਂ ਦਾ ਲਾਇਸੈਂਸ ਮੋਟਰ ਵਹੀਕਲ ਐਕਟ ਦੀ ਧਾਰਾ 19 (ਜੋ ਕਿ ਅਜਿਹੀ ਰੱਦ ਕਰਨ ਦੇ ਲਾਇਸੈਂਸਿੰਗ ਅਥਾਰਿਟੀ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ) ਦੇ ਅਧੀਨ ਸਥਾਈ ਤੌਰ ’ਤੇ ਰੱਦ ਕਰ ਦਿੱਤਾ ਜਾਵੇਗਾ ਤੇ ਭਵਿੱਖ ਵਿੱਚ ਉਹ ਲਾਇਸੈਂਸ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਣਗੇ। ਟਰੈਫਿਕ ਪੁਲੀਸ ਨੇ ਕਿਹਾ ਕਿ ਇੱਕ ਜਾਂ ਦੋ ਦਿਨਾਂ ਵਿੱਚ ਸੂਚੀ ਤਿਆਰ ਹੋ ਜਾਵੇਗੀ ਤੇ ਉਨ੍ਹਾਂ ਦੇ ਨਿਵਾਸ ਸਥਾਨਾਂ ਨੂੰ ਨੋਟਿਸ ਭੇਜੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਸੜਕ ਸੁਰੱਖਿਆ ਦੇ ਨਾਲ-ਨਾਲ ਟੋਡਾਪੁਰ ਵਿੱਚ ਕਾਉਂਸਲਿੰਗ ਕਲਾਸਾਂ ਵਿੱਚ ਆਉਣ ਲਈ ਕਿਹਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੁਆਰਾ ਦੁਰਘਟਨਾ, ਹਿੱਟ ਐਂਡ ਰਨ ਸਮੇਤ ਹੋਰ ਅਪਰਾਧਾਂ ਨਾਲ ਜੁੜੀ ਜਾਣਕਾਰੀ ਜ਼ਿਲ੍ਹੇ ਵਾਰ ਸਟੇਸ਼ਨ ਤੋਂ ਲਈ ਜਾਵੇਗੀ।