ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਮਈ
ਦਿੱਲੀ ਦੇ ਹਸਪਤਾਲਾਂ ਵਿੱਚ ਵੈਂਟੀਲੇਟਰ ਬਿਸਤਰੇ ਅਤੇ ਆਕਸੀਜਨ ਦੀ ਘਾਟ ਹੈ। ਇੱਕ ਆਰਟੀਆਈ ਦੇ ਜਵਾਬ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ 10 ਮਹੀਨਿਆਂ ਵਿੱਚ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ, ਦਿੱਲੀ ਸਰਕਾਰ ਦੀ ਕੇਂਦਰੀ ਖਰੀਦ ਏਜੰਸੀ (ਸੀਪੀਏ) ਨੇ ਕੋਈ ਵੈਂਟੀਲੇਟਰ ਨਹੀਂ ਖਰੀਦਿਆ ਹੈ। ਜੁਲਾਈ ਤੋਂ ਆਕਸੀਜਨ ਸਿਲੰਡਰ ਵੀ ਨਹੀਂ ਖਰੀਦੇ ਗਏ ਹਨ। ਆਰਟੀਆਈ ਕਾਰਕੁਨ ਵਿਵੇਕ ਪਾਂਡੇ ਨੇ 18 ਅਪਰੈਲ ਨੂੰ ਸਿਹਤ ਵਿਭਾਗ ਤੋਂ ਪੁੱਛਿਆ ਸੀ ਕਿ ਦਿੱਲੀ ਸਰਕਾਰ ਨੇ ਜੁਲਾਈ 2020 ਤੋਂ ਅਪਰੈਲ 2021 ਤੱਕ ਕਿੰਨੇ ਵੈਂਟੀਲੇਟਰ, ਆਕਸੀਜਨ ਸਿਲੰਡਰ ਤੇ ਟੈਂਕਰ ਖਰੀਦੇ ਸਨ। ਇਸਦੇ ਜਵਾਬ ਵਿੱਚ ਸੀਪੀਏ ਨੇ ਕਿਹਾ ਹੈ ਕਿ ਜੁਲਾਈ 2020 ਤੇ ਅਪਰੈਲ 2021 ਦੇ ਵਿਚਕਾਰ ਇੱਕ ਵੀ ਵੈਂਟੀਲੇਟਰ ਨਹੀਂ ਖਰੀਦਿਆ ਗਿਆ ਸੀ। ਜੁਲਾਈ 2020 ਵਿਚ 4500 ਆਕਸੀਜਨ ਸਿਲੰਡਰ ਖਰੀਦੇ ਗਏ ਸਨ। ਇਸ ’ਤੇ ਚਾਰ ਕਰੋੜ 15 ਲੱਖ 79 ਹਜ਼ਾਰ 908 ਰੁਪਏ ਖਰਚ ਕੀਤੇ ਗਏ। ਵਿਵੇਕ ਪਾਂਡੇ ਨੇ ਕਿਹਾ ਕਿ ਇਸ ਆਰਟੀਆਈ ਰਾਹੀਂ ਇਹ ਜਾਣਨ ਦੀ ਕੋਸ਼ਿਸ਼ ਸੀ ਕਿ ਦਿੱਲੀ ਵਿਚ ਕਰੋਨਾ ਦੀ ਪਹਿਲੀ ਲਹਿਰ ਤੋਂ ਬਾਅਦ ਸਿਸਟਮ ਨੂੰ ਸੁਧਾਰਨ ਲਈ ਕਿੰਨਾ ਕੰਮ ਕੀਤਾ ਗਿਆ? ਪਰ ਆਈਟੀਆਈ ਤੋਂ ਇਹ ਸਪੱਸ਼ਟ ਹੋਇਆ ਕਿ ਜੁਲਾਈ 2020 ਤੋਂ ਬਾਅਦ ਆਕਸੀਜਨ ਸਿਲੰਡਰ ਖਰੀਦਣ ਦੀ ਜ਼ਰੂਰਤ ਵੀ ਨਹੀਂ ਸਮਝੀ ਗਈ ਸੀ।