ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਦਸੰਬਰ
ਦਿੱਲੀ ਅਸੈਂਬਲੀ ਸਪੀਕਰ ਰਾਮ ਨਿਵਾਸ ਗੋਇਲ ਨੇ ਐਤਵਾਰ ਨੂੰ ਦੱਸਿਆ 26 ਜਨਵਰੀ ਨੂੰ ਮਹਾਮਾਰੀ ਵਿਰੁੱਧ ਲੜਾਈ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਡਾਕਟਰਾਂ, ਨਰਸਾਂ ਅਤੇ ਸਫ਼ਾਈ ਕਰਮਚਾਰੀਆਂ ਸਮੇਤ ‘ਕਰੋਨਾ ਯੋਧਿਆਂ’ ਨੂੰ ਸਮਰਪਿਤ ਕੋਵਿਡ ਯਾਦਗਾਰ ਦਾ ਉਦਘਾਟਨ ਕਰਨ ਦੀ ਸੰਭਾਵਨਾ ਹੈ। ਕਈ ਡਾਕਟਰਾਂ, ਨਰਸਾਂ, ਸੈਨੀਟੇਸ਼ਨ ਵਰਕਰਾਂ ਤੇ ਹੋਰਾਂ ਦੀ ਡਿਊਟੀ ਦੌਰਾਨ ਕੋਵਿਡ-19 ਕਾਰਨ ਮੌਤ ਹੋ ਗਈ ਸੀ। ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਉਨ੍ਹਾਂ ਨੇ ਮਨੁੱਖਤਾ ਨੂੰ ਬਚਾਉਣ ਲਈ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਹੈ। ਗੋਇਲ ਨੇ ਕਿਹਾ, ‘ਕਰੋਨਾ ਯੋਧਿਆਂ ਦੇ ਸਨਮਾਨ ਵਿੱਚ ਅਸੀਂ ਦਿੱਲੀ ਵਿਧਾਨ ਸਭਾ ਵਿੱਚ ਇੱਕ ਕਰੋਨਾ ਯੋਧਿਆਂ ਦੀ ਯਾਦਗਾਰ ਦਾ ਨਿਰਮਾਣ ਕਰਾਂਗੇ। ਇੱਕ ਪੱਥਰ ਦਾ ਸ਼ਿਲਾਲੇਖ, ਜਿਸ ਵਿੱਚ ਉਨ੍ਹਾਂ ਦੇ ਕਰਤੱਵ ਤੇ ਸਰਵਉੱਚ ਬਲੀਦਾਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਬਣਾਇਆ ਜਾਵੇਗਾ। ਇਹ ਅਗਲੇ ਸਾਲ 26 ਜਨਵਰੀ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ।’ ਯਾਦਗਾਰ ਦੇ ਡਿਜ਼ਾਈਨ ਬਾਰੇ, ਗੋਇਲ ਨੇ ਕਿਹਾ ਕਿ ਸਾਰੇ ਕਰੋਨਾ ਯੋਧਿਆਂ ਦੀ ਯਾਦ ਨੂੰ ਸਨਮਾਨ ਦੇਣ ਲਈ ਪੱਥਰਾਂ ’ਤੇ ਛੋਟੇ ਢਾਂਚੇ ਤੇ ਸਟੈਥੋਸਕੋਪ, ਝਾੜੂ, ਇੰਜੈਕਸ਼ਨ ਆਦਿ ਵਰਗੇ ਚਿੰਨ੍ਹ ਇੱਕ ਛੋਟੀ ਕੰਧ ਦੀ ਬਣਤਰ ਉੱਤੇ ਉੱਕਰੇ ਜਾਣਗੇ। ਪ੍ਰਵੇਸ਼ ਦੁਆਰ ਦੇ ਨੇੜੇ ਦਿੱਲੀ ਵਿਧਾਨ ਸਭਾ ਦੇ ਅਹਾਤੇ ‘ਤੇ ਵਿੱਠਲਭਾਈ ਪਟੇਲ ਦੀ ਮੂਰਤੀ ਦੇ ਪਿੱਛੇ ਕਰੋਨਾ ਯੋਧਿਆਂ ਦੀ ਯਾਦਗਾਰ ਬਣਾਈ ਜਾਵੇਗੀ। ਸਪੀਕਰ ਨੇ ਕਿਹਾ ਕਿ ਇਤਿਹਾਸਕ ਦਿੱਲੀ ਵਿਧਾਨ ਸਭਾ ਨੂੰ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ ਜਿੱਥੇ ਲੋਕ ਆਜ਼ਾਦੀ ਘੁਲਾਟੀਆਂ, ਸਦਨ ਤੇ ਸ਼ਹਿਰ ਦੇ ਇਤਿਹਾਸ ਨੂੰ ਦਰਸਾਉਂਦੀ 25 ਮਿੰਟ ਦੀ ਫਿਲਮ ਵੀ ਦੇਖ ਸਕਣਗੇ। ਗਾਂਧੀ ਦਰਸ਼ਨ ਦੀ ਤਰਜ਼ ’ਤੇ ਆਜ਼ਾਦੀ ਘੁਲਾਟੀਆਂ ਦੇ ਇਤਿਹਾਸ ਨੂੰ ਡਿਜੀਟਲ ਰੂਪ ਵਿਚ ਦਿਖਾਉਣ ਵਰਗੀਆਂ ਹੋਰ ਸੈਰ-ਸਪਾਟਾ ਗਤੀਵਿਧੀਆਂ ਦਾ ਵਿਕਾਸ ਕੀਤਾ ਜਾਵੇਗਾ।