ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਦਸੰਬਰ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਸਰਕਾਰ ਨੇ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਮੁੜ ਖੋਲ੍ਹਣ ਦਾ ਸੁਝਾਅ ਦੇਣ ਵਾਲੇ ਦੋ ਪ੍ਰਸਤਾਵ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀਏਕਿਊਐਮ) ਨੂੰ ਭੇਜੇ ਹਨ। ਪ੍ਰਸਤਾਵ ਵਿੱਚ ਕਿਹਾ ਗਿਆ ਕਿ ਪ੍ਰਾਇਮਰੀ ਤੇ ਜੂਨੀਅਰ ਜਮਾਤਾਂ (5ਵੀਂ ਜਮਾਤ ਤੱਕ) ਦੇ ਵਿਦਿਆਰਥੀਆਂ ਲਈ ਸਕੂਲ 20 ਦਸੰਬਰ ਤੋਂ ਮੁੜ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋ ਰਿਹਾ ਹੈ। ਸਕੂਲਾਂ ਨੂੰ ਮੁੜ ਖੋਲ੍ਹਣ ਬਾਰੇ ਅੰਤਿਮ ਫੈਸਲਾ ਛੇਤੀ ਹੀ ‘ਸੀਏਕਿਊਐਮ’ ਵੱਲੋਂ ਲਿਆ ਜਾਵੇਗਾ। ਇੱਕ ਅਧਿਕਾਰਤ ਬਿਆਨ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਬਾਰੇ ਫੈਸਲਾ ਸੰਭਾਵਿਤ ਤੌਰ ‘ਤੇ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਲਿਆ ਜਾਵੇਗਾ। ਸ੍ਰੀ ਕੇਜਰੀਵਾਲ ਨੇ ਕਿਹਾ, ‘ਅਸੀਂ ਏਅਰ ਕੁਆਲਿਟੀ ਕਮਿਸ਼ਨ ਨਾਲ ਗੱਲ ਕਰਾਂਗੇ। ਹੁਣ ਸਰਦੀਆਂ ਦੀਆਂ ਛੁੱਟੀਆਂ ਵੀ ਆ ਰਹੀਆਂ ਹਨ, ਮੈਨੂੰ ਲਗਦਾ ਹੈ ਕਿ ਉਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ’।
ਇਸ ਤੋਂ ਪਹਿਲਾਂ ਸੀਏਕਿਊਐਮ ਨੇ ਆਦੇਸ਼ ਵਿੱਚ ਕਿਹਾ ਸੀ ਕਿ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ, ਕਾਲਜ ਤੇ ਵਿਦਿਅਕ ਅਦਾਰੇ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਸਕੂਲ ਮੁੜ ਖੋਲ੍ਹਣ ਬਾਰੇ ਅਜੇ ਕੋਈ ਅੰਤਿਮ ਤਰੀਕ ਜਾਰੀ ਨਹੀਂ ਕੀਤੀ ਗਈ । ਜ਼ਿਕਰਯੋਗ ਹੈ ਕਿ ਕੌਮੀ ਰਾਜਧਾਨੀ ਵਿੱਚ ‘ਬਹੁਤ ਮਾੜੀ’ ਹਵਾ ਦੀ ਗੁਣਵੱਤਾ ਕਾਰਨ ਦਿੱਲੀ ਦੇ ਸਕੂਲਾਂ ਨੂੰ ਨਵੰਬਰ ਵਿੱਚ ਆਫਲਾਈਨ ਕਲਾਸਾਂ ਲਈ ਬੰਦ ਕਰ ਦਿੱਤਾ ਗਿਆ ਸੀ।