ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜੁਲਾਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਚੋਣ ਨਿਸ਼ਾਨ ਨੂੰ ਜਾਰੀ ਕਰਨ ਵਾਸਤੇ ਤਾਲਕਟੋਰਾ ਸਟੇਡੀਅਮ ’ਚ ਹੋਏ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ’ਤੇ ਦਿੱਲੀ ਦੀ ਸੰਗਤ ਦਾ ਧੰਨਵਾਦ ਕੀਤਾ ਹੈ। ਬਿਆਨ ’ਚ ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਇਸ ਸਮਾਗਮ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਇਸਤਰੀ ਵਿੰਗ, ਯੂਥ ਵਿੰਗ ਤੇ ਸਟੂਡੈਂਟਸ ਵਿੰਗ ਦੀ ਮਿਹਨਤ ਹੈ ਜਿਸ ਸਦਕਾ ਇੰਨਾ ਵੱਡਾ ਇਕੱਠ ਹੋਇਆ। ਉਨ੍ਹਾਂ ਕਿਹਾ ਕਿ ਆਗੂ ਵੱਖ ਵੱਖ ਇਲਾਕਿਆਂ ਤੋਂ ਜਥੇਬੰਦੀਆਂ ਲੈ ਕੇ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਸਤਿਕਾਰਤ ਸ਼ਖ਼ਸੀਅਤਾਂ ਤੇ ਬੁਲਾਰਿਆਂ ਨੇ ਸਮਾਗਮ ’ਚ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਉਹ ਵਚਨ ਦਿੰਦੇ ਹਨ ਕਿ ਜਿਹੜੇ ਵਾਅਦੇ ਸਮਾਗਮ ’ਚ ਪਾਸ ਕੀਤੇ ਮਤਿਆਂ ਰਾਹੀਂ ਕੀਤੇ ਹਨ, ਉਨ੍ਹਾਂ ’ਤੇ ਪਹਿਰਾ ਦੇਣਾ ਮਕਸਦ ਤੇ ਧਰਮ ਸਮਝਿਆ ਜਾਵੇਗਾ।