ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਅਕਤੂਬਰ
ਦੱਖਣੀ ਜ਼ਿਲ੍ਹਾ ਪੁਲੀਸ ਦੇ ਸਪੈਸ਼ਲ ਸਟਾਫ਼ ਨੇ ਠੱਕ-ਠੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਚੋਰੀ ਦੀ ਸਕੂਟੀ, ਸੱਤ ਲੱਖ ਦੀ ਨਕਦੀ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਪੁਲੀਸ ਚੋਰੀ ਦੀਆਂ ਦੋ ਵਾਰਦਾਤਾਂ ਨੂੰ ਹੱਲ ਕਰਨ ਦਾ ਦਾਅਵਾ ਵੀ ਕਰ ਰਹੀ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਸਾਹਿਲ ਵਾਸੀ ਮਦਨਗੀਰ ਵਜੋਂ ਹੋਈ ਹੈ। ਨਿਊ ਫਰੈਂਡਜ਼ ਕਲੋਨੀ ਥਾਣੇ ਵਿੱਚ ਦਰਜ ਹੋਏ ਇੱਕ ਕੇਸ ਵਿੱਚ ਮੁਲਜ਼ਮਾਂ ਦੀ ਸ਼ਮੂਲੀਅਤ ਦੀ ਵੀ ਪੁਸ਼ਟੀ ਹੋ ਗਈ ਹੈ। ਉਹ ਆਪਣੇ ਸਾਥੀਆਂ ਨਾਲ ਮਿਲ ਕੇ ਉੱਤਰ ਪ੍ਰਦੇਸ਼ ਦੇ ਸਾਹਿਬਾਬਾਦ ਵਿੱਚ ਇੱਕ ਗਰੋਹ ਚਲਾ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਡਿਪਟੀ ਕਮਿਸ਼ਨਰ ਆਫ ਪੁਲਿਸ ਚੰਦਨ ਚੌਧਰੀ ਨੇ ਦੱਸਿਆ ਕਿ ਥਾਣਾ ਸਦਰ ਵਿੱਚ ਲੁੱਟ-ਖੋਹ, ਚੋਰੀ ਤੇ ਖੋਹ ਦੀਆਂ ਘਟਨਾਵਾਂ ਨੂੰ ਰੋਕਣ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਟੀਮ ਨੇ ਐੱਮਬੀ ਰੋਡ ‘ਤੇ ਲਾਡੋ ਸਰਾਏ ਸਥਿਤ ਡੀ.ਡੀ.ਏ ਪਾਰਕ ਨੇੜੇ ਯੋਜਨਾਬੱਧ ਤਰੀਕੇ ਨਾਲ ਨਾਕਾਬੰਦੀ ਕੀਤੀ ਹੋਈ ਸੀ। ਦੁਪਹਿਰ ਕਰੀਬ ਇੱਕ ਵਜੇ ਟੀਮ ਨੇ ਇੱਕ ਸ਼ੱਕੀ ਵਿਅਕਤੀ ਦੇਖਿਆ। ਪੁਲੀਸ ਨੇ ਉਸ ਦੀ ਪਛਾਣ ਕਰਕੇ ਸਕੂਟੀ ਦੇ ਦਸਤਾਵੇਜ਼ ਦਿਖਾਉਣ ਲਈ ਕਿਹਾ ਤਾਂ ਉਸ ਕੋਲ ਕਾਗਜ਼ ਨਹੀਂ ਸਨ। ਜਾਂਚ ਕਰਨ ’ਤੇ ਸਕੂਟੀ ਚੋਰੀ ਦੀ ਪਾਈ ਗਈ। ਸਕੂਟੀ ਦੀ ਤਲਾਸ਼ੀ ਲੈਣ ’ਤੇ ਸਕੂਟੀ ’ਚੋਂ 7 ਲੱਖ ਦੀ ਨਗਦੀ ਬਰਾਮਦ ਹੋਈ। ਸਖ਼ਤੀ ਨਾਲ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਸਾਹਿਬਾਬਾਦ ਵਿੱਚ ਸਾਥੀਆਂ ਨਾਲ ਮਿਲ ਕੇ ਠੱਕ-ਠੱਕ ਗਰੋਹ ਚਲਾ ਰਿਹਾ ਸੀ। ਮੁਲਜ਼ਮ ਨੇ ਸਾਹਿਬਾਬਾਦ ਵਿੱਚ ਇੱਕ ਚੋਰੀ ਵਿੱਚ ਸ਼ਾਮਲ ਹੋਣ ਦੀ ਗੱਲ ਕਬੂਲੀ ਹੈ। ਜ਼ਿਆਦਾਤਰ ਮੁਲਜ਼ਮ ਚੱਲਦੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ।