ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਜਨਵਰੀ
ਭਾਜਪਾ ਦੇ ਸਿੱਖ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸ਼ਾਹਦਰਾ ਵਿੱਚ ਇੱਕ ਲੜਕੀ ਨਾਲ ਜਬਰ-ਜਨਾਹ ਕੀਤੇ ਜਾਣ ਅਤੇ ਉਸ ’ਤੇ ਅੰਨ੍ਹਾ ਤਸ਼ੱਦਦ ਕੀਤੇ ਜਾਣ ਦੇ ਮਾਮਲੇ ਵਿੱਚ ਪੁਲੀਸ ਨੇ ਹੁਣ ਤੱਕ 12 ਮੁਲਜ਼ਮ ਗ੍ਰਿਫ਼ਤਾਰ ਕਰ ਲਏ ਹਨ ਜਦਕਿ ਬਾਕੀ ਰਹਿੰਦੇ ਮੁਲਜ਼ਮ ਵੀ ਜਲਦੀ ਹੀ ਗ੍ਰਿਫ਼ਤਾਰ ਕੀਤੇ ਜਾਣਗੇ।
ਸ੍ਰੀ ਸਿਰਸਾ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਉਹ ਲਗਾਤਾਰ ਉੱਚ ਪੁਲੀਸ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਦੀ ਸਪੈਸ਼ਲ ਪੁਲੀਸ ਕਮਿਸ਼ਨਰ ਐੱਸ. ਠਾਕੁਰ ਅਤੇ ਡੀਸੀਪੀ ਨਾਲ ਵੀ ਗੱਲਬਾਤ ਹੋਈ ਹੈ ਤੇ ਪੁਲੀਸ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਇਹ ਮਾਮਲਾ ਇੱਕੋ ਭਾਈਚਾਰੇ ਨਾਲ ਸਬੰਧਤ ਬੰਦਿਆਂ ਦੀ ਆਪਸੀ ਰੰਜਿਸ਼ ਦਾ ਹੈ। ਜਿਸ ਪਰਿਵਾਰ ਨੇ ਇਹ ਲੜਕੀ ’ਤੇ ਤਸ਼ੱਦਦ ਢਾਹਿਆ ਹੈ, ਉਸ ਪਰਿਵਾਰ ਦੇ ਇੱਕ ਲੜਕੇ ਨੇ ਇੱਕਤਰਫਾ ਪਿਆਰ ਵਿੱਚ ਖ਼ੁਦਕੁਸ਼ੀ ਕਰ ਲਈ ਸੀ, ਜਿਸ ਤੋਂ ਭੜਕੇ ਪਰਿਵਾਰ ਨੇ ਇਹ ਘਿਨਾਉਣਾ ਕਾਰਾ ਕੀਤਾ ਹੈ ਜੋ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਪਰਿਵਾਰ ਦੇ ਮੈਂਬਰਾਂ ਸਮੇਤ ਆਲੇ ਦੁਆਲੇ ਖੜ੍ਹੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਲਗਾਤਾਰ ਪੁਲੀਸ ਦੇ ਸੰਪਰਕ ’ਚ ਹਨ ਅਤੇ ਪੀੜਤਾਂ ਨੂੰ ਨਿਆ ਮਿਲਣਾ ਯਕੀਨੀ ਬਣਾਇਆ ਜਾਵੇਗਾ।