ਨਵੀ ਦਿੱਲੀ: ਜੇਈਈ-ਮੇਨਜ਼ ਦੇ ਨਤੀਜੇ ’ਚ ਦੇਰੀ ਕਾਰਨ ਆਈਆਈਟੀ ਦੀ ਦਾਖਲੇ ਲਈ ਸਾਂਝੀ ਦਾਖਲਾ ਪ੍ਰੀਖਿਆ (ਜੇਈਈ)- ਐਡਵਾਂਸਡ ਲਈ ਰਜਿਸਟਰੇਸ਼ਨ ਇੱਕ ਵਾਰ ਫਿਰ ਮੁਲਤਵੀ ਕਰ ਦਿੱਤੀ ਗਈ ਹੈ। ਰਜਿਸਟਰੇਸ਼ਨ ਪ੍ਰਕਿਰਿਆ ਪਿਛਲੇ ਹਫ਼ਤੇ ਸ਼ੁਰੂ ਹੋਈ ਸੀ ਪਰ ਨਤੀਜੇ ’ਚ ਦੇਰੀ ਕਾਰਨ ਸੋਮਵਾਰ 13 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਸੀ। ਹਾਲਾਂਕਿ ਰਜਿਸਟਰੇਸ਼ਨ ਅੱਜ ਵੀ ਮੁੜ ਸ਼ੁਰੂ ਨਹੀਂ ਹੋ ਸਕੀ। ਆਈਆਈਟੀ ਖੜਗਪੁਰ, ਜੋ ਕਿ ਇਸ ਵਾਰ ਜੇਈਈ-ਐਡਵਾਂਸਡ ਦੀ ਪ੍ਰੀਖਿਆ ਲੈ ਰਹੀ ਹੈ, ਵੱਲੋਂ ਹਾਲੇ ਤੱਕ ਮੁੜ ਰਜਿਸ਼ਟਰੇਸ਼ਨ ਸ਼ੁਰੂ ਕਰਨ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਹ ਪ੍ਰੀਖਿਆ 3 ਅਕਤੂਬਰ ਨੂੰ ਲਏ ਜਾਣ ਦਾ ਪ੍ਰੋਗਰਾਮ ਸੀ। ਇਸੇ ਦੌਰਾਨ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੇਈਈ-ਮੇਨਜ਼ ਦਾ ਨਤੀਜਾ ਮੰਗਲਵਾਰ ਜਾਂ ਬੁੱਧਵਾਰ ਨੂੰ ਐਲਾਨਿਆ ਜਾ ਸਕਦਾ ਹੈ। ਜਦਕਿ ਅਧਿਕਾਰੀ ਨੇ ਜੇਈਈ-ਮੇਨਜ਼ ਦਾ ਨਤੀਜਾ ਐਲਾਨਣ ਵਿੱਚ ਹੋਈ ਦੇਰੀ ਪਿੱਛੇ ਕਾਰਨ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਦਿੱਤਾ। -ਪੀਟੀਆਈ