ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਨਵੰਬਰ
ਨੀਟ-2021 ਵਿੱਚ ਸਭ ਤੋਂ ਵੱਧ ਸਕੋਰ ਕਰਨ ਵਾਲਿਆਂ ਵਿੱਚ, ਦਿੱਲੀ ਦੇ ਸਰਕਾਰੀ ਸਕੂਲ ਦੇ ਕੁਸ਼ਲ ਗਰਗ ਤੇ ਈਸ਼ਾ ਜੈਨ ਵੀ ਸ਼ਾਮਲ ਹਨ, ਜਿਨ੍ਹਾਂ ਨੇ 720 ਵਿੱਚੋਂ 700 ਅੰਕ ਪ੍ਰਾਪਤ ਕੀਤੇ ਹਨ। ਕੁਸ਼ਲ ਨੇ 168 ਰੈਂਕ ਪ੍ਰਾਪਤ ਕੀਤਾ ਜਦੋਂ ਕਿ ਈਸ਼ਾ ਨੇ ਭਾਰਤ ਵਿਚ 153 ਰੈਂਕ ਪ੍ਰਾਪਤ ਕੀਤਾ ਹੈ। ਆਰ.ਪੀ. ਵੀ.ਵੀ. ਕਿਸ਼ਨ ਗੰਜ ਦੇ ਵਿਦਿਆਰਥੀ ਕੁਸ਼ਲ ਕੋਲ ਇਸ ਸਾਲ ਏਮਜ਼ ਦਿੱਲੀ ਵਿੱਚ ਦਾਖਲਾ ਲੈਣ ਦਾ ਮੌਕਾ ਹੈ ਕਿਉਂਕਿ ਉਸਨੇ ਆਰਥਿਕ ਪੱਖੋਂ ਗ਼ਰੀਬ ਵਰਗ ਵਿੱਚ 9ਵਾਂ ਰੈਂਕ ਪ੍ਰਾਪਤ ਕੀਤਾ ਹੈ। ‘ਏਮਸ’ ਦਿੱਲੀ ਨੇ ਪਿਛਲੇ ਸਾਲ 11 (ਆਰਥਿਕ ਪੱਖੋਂ ਗ਼ਰੀਬ ਵਰਗ) ਸੀਟਾਂ ਦੀ ਪੇਸ਼ਕਸ਼ ਕੀਤੀ ਸੀ। ਕੁਸ਼ਲ ਤੇ ਈਸ਼ਾ ਦੋਵੇਂ ਕਾਫ਼ੀ ਸਾਧਾਰਨ ਪਿਛੋਕੜ ਤੋਂ ਹਨ। ਕੁਸ਼ਲ ਦੇ ਪਿਤਾ ਦਿੱਲੀ ਵਿੱਚ ਤਰਖਾਣ ਦਾ ਕੰਮ ਕਰਦੇ ਹਨ, ਹਾਲਾਂਕਿ ਉਸ ਦੀ ਮਾਂ ਨੇ 12ਵੀਂ ਜਮਾਤ ਪੂਰੀ ਕੀਤੀ ਹੈ, ਉਸਦੇ ਪਿਤਾ 10ਵੀਂ ਪਾਸ ਹਨ। ਜਿੱਥੇ ਈਸ਼ਾ ਦੇ ਪਿਤਾ (12ਵੀਂ ਪਾਸ) ਸਟੇਸ਼ਨਰੀ ਦੀ ਦੁਕਾਨ ਚਲਾਉਂਦੇ ਹਨ, ਉਨ੍ਹਾਂ ਦੀ ਮਾਂ (10ਵੀਂ ਪਾਸ) ਘਰੇਲੂ ਔਰਤ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੋ ਸਿੱਖਿਆ ਮਹਿਕਮਾ ਵੀ ਦੇਖਦੇ ਹਨ, ਵੱਲੋਂ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਇਨ੍ਹਾਂ ਦੋਵਾਂ ਵਿਦਿਆਰਥੀਆਂ ਦੇ ਨੀਟ 2021 ਇਮਤਿਹਾਨ ਵਿੱਚ ਚੰਗੇ ਅੰਕ ਆਉਣ ’ਤੇ ਪ੍ਰਸੰਸਾ ਕੀਤੀ ਗਈ ਤੇ ਕਿਹਾ ਕਿ ਇਸ ਨਾਲ ਦਿੱਲੀ ਦਾ ਮਾਣ ਵਧਿਆ ਹੈ।