ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਸੁਭਾਅ ਹੈ ਕਿ ਉਹ ਪਹਿਲਾਂ ਝੂਠੀ ਸਕ੍ਰਿਪਟ ਲਿਖਦੇ ਹਨ ਤੇ ਫਿਰ ਉਸ ਸਕ੍ਰਿਪਟ ਨੂੰ ਇੰਨੀ ਵਾਰ ਪੜ੍ਹਦੇ ਹਨ ਤਾਂ ਜੋ ਲੋਕਾਂ ਨੂੰ ਸੱਚਾਈ ਦਾ ਅਹਿਸਾਸ ਹੋਵੇ। ਅਹਿਮਦਾਬਾਦ ਵਿੱਚ ਆਮ ਆਦਮੀ ਪਾਰਟੀ ਦੇ ਦਫ਼ਤਰ ’ਤੇ ਪੁਲੀਸ ਦੇ ਛਾਪੇ ਦੀਆਂ ਰਿਪੋਰਟਾਂ ਨੂੰ ਝੂਠਾ ਕਰਾਰ ਦਿੰਦਿਆਂ ਸ੍ਰੀ ਗੁਪਤਾ ਨੇ ਕਿਹਾ ਕਿ ਅਹਿਮਦਾਬਾਦ ਪੁਲੀਸ ਨੇ ਖ਼ੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਅਜਿਹਾ ਕੋਈ ਛਾਪਾ ਨਹੀਂ ਮਾਰਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜਦੋਂ ਤੋਂ ਦਿੱਲੀ ਦੀ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਝੂਠ ਬੋਲ ਰਹੀ ਹੈ। ਆਮ ਆਦਮੀ ਪਾਰਟੀ ਆਪਣੀ ਸਿਆਸੀ ਲਾਲਸਾ ਵਿੱਚ ਇੰਨੀ ਰੁੱਝੀ ਹੋਈ ਹੈ ਕਿ ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਹੈ। ਜਿਨ੍ਹਾਂ ਲੋਕਾਂ ਨੇ ਕੇਜਰੀਵਾਲ ਨੂੰ ਦਿੱਲੀ ਦੀ ਕੁਰਸੀ ’ਤੇ ਬਿਠਾਇਆ ਅੱਜ ਉਹੀ ਕੇਜਰੀਵਾਲ ਲੋਕਾਂ ਦੀਆਂ ਆਸਾਂ ਦਾ ਗਲਾ ਘੁੱਟ ਕੇ ਆਪਣੀ ਰਾਜਨੀਤੀ ਚਮਕਾਉਣ ਵਿੱਚ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਪਤਾ ਹੈ ਕਿ ਦਿੱਲੀ ਦੀ ਨਵੀਂ ਆਬਕਾਰੀ ਨੀਤੀ, ਸਕੂਲਾਂ ਵਿੱਚ ਕਮਰੇ ਬਣਾਉਣ ਵਿੱਚ ਹੋਏ ਘਪਲੇ ਤੇ ਹੁਣ ਬੱਸ ਘੁਟਾਲੇ ਬਾਰੇ ਉਨ੍ਹਾਂ ਕੋਲ ਜਵਾਬ ਦੇਣ ਲਈ ਕੁਝ ਨਹੀਂ ਬਚਿਆ ਹੈ। ਅੱਜ ਦਿੱਲੀ ਦੇ ਲੋਕ ਉਸ ਤੋਂ ਹਰ ਵਿਭਾਗ ਵਿੱਚ ਭ੍ਰਿਸ਼ਟਾਚਾਰ ਦਾ ਹਿਸਾਬ ਮੰਗ ਰਹੇ ਹਨ।