ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਅਕਤੂਬਰ
ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਵੱਲੋਂ ਅੱਜ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ 50 ਟੀਮਾਂ ਨੂੰ ਹਰੀ ਝੰਡੀ ਦਿਖਾਉਣ ਸਮੇਂ ਕੀਤੇ ਗਏ ਦਾਅਵੇ ਕਿ ਦਿੱਲੀ ਦੇ ਪ੍ਰਦੂਸ਼ਣ ਵਿੱਚ ਪਰਾਲੀ ਦੇ ਧੂੰਏਂ ਦਾ ਸਿਰਫ਼ 4 ਫ਼ੀਸਦੀ ਹਿੱਸਾ ਹੀ ਹੈ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪਲਟਵਾਰ ਕੀਤਾ ਗਿਆ ਕਿ ਇਨਕਾਰੀ ਹੋਣ ਨਾਲ ਕੋਈ ਲਾਭ ਨਹੀਂ ਹੋਵੇਗਾ। ਸ੍ਰੀ ਜਾਵੜੇਕਰ ਵੱਲੋਂ ਰਵਾਨਾ ਕੀਤੀਆਂ ਟੀਮਾਂ ਦਿੱਲੀ ਐਨਸੀਆਰ ਵਿੱਚ ਪ੍ਰਦੂਸ਼ਣ ਉਪਰ ਨਜ਼ਰ ਰੱਖਣ ਲਈ ਸਰਗਰਮੀ ਦਿਖਾਉਣਗੀਆਂ। ਆਪਣੀ ਰਿਹਾਇਸ਼ ’ਤੇ ਸ੍ਰੀ ਜਾਵੜੇਕਰ ਨੇ ਕਿਹਾ ਕਿ ਪਰਾਲੀ ਸਾੜੇ ਜਾਣ ਤੋਂ ਸਿਰਫ਼ 4 ਫ਼ੀਸਦੀ ਪ੍ਰਦੂਸਣ ਹੈ। 96 ਫ਼ੀਸਦ ਪ੍ਰਦੂਸ਼ਣ ਸਥਾਨਕ ਕਾਰਨਾਂ ਕਰਕੇ ਹੈ ਜਿਵੇਂ ਬਾਇਓਮਾਸ ਸਾੜਿਆ ਜਾਣਾ, ਕੂੜਾ-ਕਰਕਟ, ਕੱਚੀਆਂ ਸੜਕਾਂ, ਧੂੜ, ਉਸਾਰੀ ਤੇ ਢਾਹੁਣ ਦੀਆਂ ਸਰਗਰਮੀਆਂ ਆਦਿ ਮੁੱਖ ਕਾਰਨ ਹੈ। ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਲਟਵਾਰ ਕੀਤਾ ਕਿ ਇਨਕਾਰੀ ਹੋਣ ਨਾਲ ਕੋਈ ਲਾਭ ਨਹੀਂ ਹੋਵੇਗਾ। ਜੇਕਰ ਪਰਾਲੀ ਸਾੜਨ ਨਾਲ ਸਿਰਫ਼ 4 ਫ਼ੀਸਦ ਪ੍ਰਦੂਸ਼ਣ ਪੈਦਾ ਹੁੰਦਾ ਹੈ ਤਾਂ ਬੀਤੇ ਦਿਨਾਂ ਵਿੱਚ ਅਚਾਨਕ ਪ੍ਰਦੂਸ਼ਣ ਕਿਉਂ ਵਧਿਆ। ਉਸ ਤੋਂ ਪਹਿਲਾਂ ਹਵਾ ਸਾਫ਼ ਸੀ। ਹਰ ਸਾਲ ਇਕੋ ਜਿਹੀ ਕਹਾਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਧੇ ਦੇ ਕਾਰਨ ਪਿਛਲੇ ਕੁੱਝ ਦਿਨਾਂ ਵਿੱਚ ਪ੍ਰਦੂਸ਼ਣ ਦੇ ਕਿਸੇ ਸਥਾਨਕ ਸਰੋਤ ਵਿੱਚ ਕੋਈ ਭਾਰੀ ਉਛਾਲ ਨਹੀਂ ਆਇਆ। ਆਪਣੇ ਮੁੱਖ ਮੰਤਰੀ ਦਾ ਸਾਥ ਦਿੰਦੇ ਹੋਏ ਦਿੱਲੀ ਜਲ ਬੋਰਡ ਦੇ ਉਪ ਚੇਅਰਮੈਨ ਰਾਘਵ ਚੱਢਾ ਨੇ ਕਿਹਾ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦਾ 2019 ਦਾ ਅਨੁਮਾਨ ਹੈ ਕਿ ਦਿੱਲੀ ਦੇ ਹਵਾ ਪ੍ਰਦੂਸ਼ਣ ਵਿੱਚ 44 ਫ਼ੀਸਦ ਤਕ ਵਾਧਾ ਪਰਾਲੀ ਦੇ ਧੂੰਏਂ ਤੋਂ ਹੈ।ਧਰਤੀ ਵਿਗਿਆਨ ਮੰਤਰਾਲੇ ਮੁਤਾਬਕ ਪੰਜਾਬ ਤੇ ਹਰਿਆਣਾ ਵਿੱਚ ਸਾੜੇ ਜਾਣ ਵਾਲੀ ਪਰਾਲੀ ਕਾਰਨ ਦਿੱਲੀ ਦੇ ਪ੍ਰਦੂਸ਼ਣ ਵਿੱਚ 44 ਫ਼ੀਸਦ ਹਿੱਸਾ ਹੈ। ਪ੍ਰਦੂਸ਼ਣ ਬੋਰਡ ਦੀਆਂ ਟੀਮਾਂ 15 ਅਕਤੂਬਰ ਤੋਂ 28 ਫਰਵਰੀ 2020 ਦੌਰਾਨ ਯੂਪੀ ਦੇ ਨੋਇਡਾ, ਗਾਜ਼ੀਆਬਾਦ, ਮੇਰਠ, ਹਰਿਆਣਾ ਦੇ ਫਰੀਦਾਬਾਦ, ਗੁਰੂਗ੍ਰਾਮ, ਪਲਵਲ, ਸੋਨੀਪਤ, ਬੱਲਭਗੜ੍ਹ, ਝੱਜਰ, ਪਾਣੀਪਤ ਤੇ ਰਾਜਸਥਾਨ ਦੇ ਬਿਵਾੜੀ, ਭਰਤਪੁਰ ਤੇ ਅਲਵਲ ਜਾਣਗੀਆਂ। ਬਾਅਦ ਵਿੱਚ ਕੇਂਦਰੀ ਵਾਤਾਵਰਣ ਮੰਤਰਾਲੇ ਦੇ ਬੁਲਾਰੇ ਨੇ ਸਪਸ਼ਟ ਕੀਤਾ ਕਿ ਜਾਵੜੇਕਰ ਇਸ ਸਾਲ ਸਿਰਫ਼ ਪਰਾਲੀ ਦੇ ਧੂੰਏਂ ਦੇ ਹਿੱਸੇ ਦੀ ਗੱਲ ਕਰ ਰਹੇ ਸਨ ਜੋ ਹੁਣ 4 ਫ਼ੀਸਦ ਹੈ। ਬੀਤੇ ਸਾਲ ਇਹ ਬਹੁਤ ਜ਼ਿਆਦਾ ਸੀ। ਮੰਤਰਾਲੇ ਵੱਲੋਂ ਟਵੀਟ ਕੀਤਾ ਗਿਆ ਕਿ ਹਰ ਦਿਨ ਪ੍ਰਦੂਸ਼ਣ ਵਿੱਚ ਤਬਦੀਲੀ ਹੁੰਦੀ ਹੈ। ਪਰਾਲੀ ਸਾੜਨ ਕਾਰਨ ਪ੍ਰਦੂਸ਼ਣ ਦਾ ਹਿੱਸਾ 2019 ਵਿੱਚ 8 ਅਕਤੂਬਰ ਤੋਂ 9 ਦਸੰਬਰ ਤਕ ਦੌਰਾਨ 6 ਦਿਨਾਂ ਵਿੱਚ 15 ਫ਼ੀਸਦ ਸੀ ਤੇ ਇਕ ਦਿਨ ਵਿੱਚ 40 ਫ਼ੀਸਦ ਤੋਂ ਵੱਧ ਸੀ।
ਦਿੱਲੀ ਐੱਨਸੀਆਰ ਵਿੱਚ ਜੀਆਰਏਪੀ ਲਾਗੂ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਐੱਨਸੀਆਰ ਵਿੱਚ ਪ੍ਰਦੂਸ਼ਣ ਰੋਕਣ ਲਈ ਜੀਆਰਏਪੀ ਲਾਗੂ ਕਰ ਦਿੱਤਾ ਗਿਆ ਜਿਸ ਕਾਰਨ ਜਨਰੇਟਰ, ਇੱਟਾਂ ਵਾਲੇ ਭੱਠੇ, ਉਸਾਰੀ ਤੇ ਢਾਹੁਣ ਦੀਆਂ ਸਰਗਰਮੀਆਂ ਸਮੇਤ ਕੂੜਾ ਸਾੜਨ, ਸੜਕਾਂ ਦੀ ਮਸ਼ੀਨਾਂ ਨਾਲ ਸਫ਼ਾਈ ਸਮੇਤ ਹੋਰ ਅਜਿਹੇ ਸਾਧਨਾਂ ਉਪਰ ਰੋਕ ਲਾਈ ਗਈ ਹੈ ਜੋ ਪ੍ਰਦੂਸ਼ਣ ਫੈਲਾਉਣ ਦੇ ਕਾਰਕ ਹੋਣ। ਭਾਰੀ ਜੁਰਮਾਨੇ ਵੀ ਕੀਤੇ ਜਾਣਗੇ। ਹਾਊਸਿੰਗ ਸੁਸਾਇਟੀਆਂ ਵੀ ਡੀਜ਼ਲ ਜਨਰੇਟਰ ਨਹੀਂ ਵਰਤ ਸਕਣਗੀਆਂ।ਸਫਰ ਮੁਤਾਬਕ ਦਿੱਲੀ ਵਿੱਚ ਪਰਾਲੀ ਦੇ ਧੂੰਏਂ ਕਾਰਨ ਪੀਐੱਮ 2.5 ਦਾ ਹਿੱਸਾ 6% ਰਿਹਾ। ਬੁੱਧਵਾਰ ਨੂੰ ਮੰਗਲਵਾਰ, ਸੋਮਵਾਰ ਤੇ ਐਤਵਾਰ ਨੂੰ ਕਰੀਬ 3% ਸੀ।
ਪੀਡਬਲਿਊਡੀ ਵਿਭਾਗ ਨੂੰ 20 ਲੱਖ ਰੁਪਏ ਜੁਰਮਾਨਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਬੁੜਾਰੀ ਪੁਲੀਸ ਸਟੇਸ਼ਨ ਨੇੜੇ ਡਰੇਨ ਦੇ ਨਿਰਮਾਣ ਦੌਰਾਨ ਧੂੜ ਕੰਟਰੋਲ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ ਦਿੱਲੀ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੂੰ 20 ਲੱਖ ਦਾ ਜੁਰਮਾਨਾ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਦਿੱਲੀ ਸਰਕਾਰ ਦੇ ਸਖਤ ਨਿਰਦੇਸ਼ਾਂ ਦੇ ਬਾਵਜੂਦ, ਏਜੰਸੀ ਵੱਲੋਂ ਧੂੜ ਕੰਟਰੋਲ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਵਾਤਾਵਰਨ ਮੰਤਰੀ ਨੇ ਲੋਕ ਨਿਰਮਾਣ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਧੂੜ ਰੋਕਣ ਲਈ ਕਦਮ ਚੁੱਕਣ। ਵੀਰਵਾਰ ਨੂੰ ਦਿੱਲੀ ਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਧੁੰਦ ਦੀ ਇਕ ਪਰਤ ਛਾ ਗਈ ਤੇ ਹਵਾ ਦੀ ਗੁਣਵੱਤਾ’ ‘ਬਹੁਤ ਮਾੜੀ’ ਪੱਧਰ ’ਤੇ ਖਿਸਕ ਗਈ। ਸਵੇਰੇ 11.10 ਵਜੇ ਦਿੱਲੀ ਨੇ 315 ਦਾ ਏਅਰ ਕੁਆਲਿਟੀ ਇੰਡੈਕਸ (ਏਕਿਯੂਆਈ) ਰਿਕਾਰਡ ਕੀਤਾ। ਪਿਛਲੀ ਵਾਰ ਜਦੋਂ ਹਵਾ ਦੀ ਗੁਣਵਤਾ ਇੰਨੀ ਮਾੜੀ ਪੱਧਰ ‘ਤੇ ਸੀ ਜੋ ਫਰਵਰੀ ਵਿਚ ਸੀ। ਸ੍ਰੀ ਰਾਏ ਨੇ ਕਿਹਾ ਕਿ ਦਿੱਲੀ ਸਰਕਾਰ ਪ੍ਰਦੂਸ਼ਣ ਦੇ ਪੱਧਰ ਨੂੰ ਹੇਠਾਂ ਲਿਆਉਣ ਲਈ ਸਾਰੇ ਯਤਨ ਕਰ ਰਹੀ ਹੈ।