ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਅਪਰੈਲ
ਮਨਜੀਤ ਸਿੰਘ ਜੀਕੇ ਦੀ ਅਗਵਾਈ ਵਾਲੇ ਧੜੇ ‘ਜਾਗੋ’ ਨੂੰ ਝਟਕਾ ਦਿੰਦੇ ਹੋਏ ਦਲ ਦੇ ਸੀਨੀਅਰ ਮੀਤ ਪ੍ਰਧਾਨ ਮਲਕੀਅਤ ਸਿੰਘ ਪਾਹਵਾ ਨੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਤੋਂ ਦੋ ਦਿਨ ਪਹਿਲਾਂ ਪੰਥਕ ਸੇਵਾ ਦਲ ਦੀ ਟਿਕਟ ਤੋਂ ਸ਼ਿਵ ਨਗਰ ਵਾਰਡ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ।
ਮਲਕੀਅਤ ਸਿੰਘ ਪਾਹਵਾ ਨੇ ਕਿਹਾ ਕਿ ਉਹ ਜਾਗੋ ਦੀਆਂ ਮੌਕਾਪ੍ਰਸਤ ਨੀਤੀਆਂ ਤੋਂ ਤੰਗ ਆ ਕੇ ਪੰਥਕ ਸੇਵਾ ਦਲ ਵਿੱਚ ਸਾਥੀਆਂ ਸਣੇ ਸ਼ਾਮਲ ਹੋਏ ਹਨ। ਪੰਥਕ ਸੇਵਾ ਦਲ ਦੇ ਜਨਰਲ ਸਕੱਤਰ ਕਰਤਾਰ ਸਿੰਘ ਕੋਛੜ ਨੇ ਕਿਹਾ ਕਿ ਸ੍ਰੀ ਪਾਹਵਾ ਨੂੰ ਦਲ ਦਾ ਸੀਨੀਅਰ ਮੀਤ ਚੇਅਰਮੈਨ ਬਣਾਇਆ ਗਿਆ ਹੈ। ਉਹ ਸ਼ਿਵ ਨਗਰ ਦੇ ਗੁਰਦੁਆਰੇ ਦੇ ਪ੍ਰਧਾਨ ਵੀ ਹਨ। ਦਵਿੰਦਰ ਸਿੰਘ ਸਾਹਨੀ ਤੇ ਹੋਰ ਲੋਕ ਵੀ ਦਲ ਦੀ ਬੈਠਕ ਵਿੱਚ ਸ਼ਾਮਲ ਹੋਏ ਤੇ ਜ਼ੋਰ ਦਿੱਤਾ ਕਿ ਕਮੇਟੀ ਚੋਣਾਂ ਦੌਰਾਨ ਧਾਰਮਿਕ ਵਿਚਾਰਾਂ ਵਾਲੇ ਉਮੀਦਵਾਰ ਜਿਤਾਏ ਜਾਣ। ਦਲ ਵੱਲੋਂ 31 ਸੀਟਾਂ ਉੱਪਰ ਉਮੀਦਵਾਰ ਤੈਅ ਕਰ ਲਏ ਹਨ ਤੇ ਅਗਲੇ ਇਕ-ਦੋ ਦਿਨਾਂ ਵਿੱਚ ਐਲਾਨ ਕਰ ਕੇ ਉਮੀਦਵਾਰਾਂ ਦੇ ਕਾਗ਼ਜ਼ ਦਾਖ਼ਲ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਜਾਵੇਗਾ। ਸ਼ਿਵ ਨਗਰ ਤੋਂ ਸੀਨੀਅਰ ਅਕਾਲੀ ਆਗੂ ਉਂਕਾਰ ਸਿੰਘ ਥਾਪਰ ਦੇ ਪੁੱਤਰ ਨੂੰ ਬਾਦਲ ਧੜੇ ਵੱਲੋਂ ਟਿਕਟ ਦਿੱਤੀ ਗਈ ਹੈ।