ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੂਨ
ਦਿੱਲੀ ਪੁਲੀਸ ਦੇ ਆਰਥਿਕ ਅਪਰਾਧ ਵਿੰਗ (ਈਓਡਬਲਯੂ) ਨੇ ਲਗਭਗ 100 ਕਰੋੜ ਰੁਪਏ ਦੀ ਧੋਖਾਧੜੀ ਦੇ ਕਈ ਮਾਮਲਿਆਂ ਵਿੱਚ ਸ਼ਾਮਲ 70 ਸਾਲਾ ਭਗੌੜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਪ੍ਰਦੀਪ ਪਾਲੀਵਾਲ ਉਰਫ਼ ਮਹੇਸ਼ ਗੁਪਤਾ ਵਜੋਂ ਹੋਈ ਹੈ, ਉਹ ਪਿਛਲੇ ਸੱਤ ਸਾਲਾਂ ਤੋਂ ਭਗੌੜਾ ਸੀ।
ਸੰਯੁਕਤ ਪੁਲੀਸ ਕਮਿਸ਼ਨਰ (ਆਰਥਿਕ ਅਪਰਾਧ ਵਿੰਗ) ਛਾਇਆ ਸ਼ਰਮਾ ਨੇ ਦੱਸਿਆ ਕਿ ਜਨਵਰੀ 2014 ਵਿੱਚ ਮੁਲਜ਼ਮ ਪ੍ਰਦੀਪ ਪਾਲੀਵਾਲ ਨੇ ਸ਼ਿਕਾਇਤਕਰਤਾ ਨੂੰ ਰਾਜਸਥਾਨ ਵਿੱਚ ਗ੍ਰੇਨਾਈਟ ਖਣਨ ਦੇ ਕਾਰੋਬਾਰ ਵਿੱਚ 20 ਕਰੋੜ ਰੁਪਏ ਨਿਵੇਸ਼ ਕਰਨ ਲਈ ਉਕਸਾਇਆ ਸੀ। ਉਸ ਦੇ ਕਹਿਣ ’ਤੇ ਸ਼ਿਕਾਇਤਕਰਤਾ ਨਿਵੇਸ਼ ਕਰਨ ਲਈ ਰਾਜ਼ੀ ਹੋ ਗਿਆ ਤੇ ਦੋਵਾਂ ਵਿਚਕਾਰ ਸਮਝੌਤਾ ਹੋਇਆ। ਸ਼ਿਕਾਇਤਕਰਤਾਵਾਂ ਨੇ ਫਰਵਰੀ 2014 ਤੋਂ ਸਤੰਬਰ 2014 ਤੱਕ 13.45 ਕਰੋੜ ਰੁਪਏ ਚੈੱਕ/ਆਰਟੀਜੀਐਸ ਤੇ 3.15 ਕਰੋੜ ਰੁਪਏ ਨਗਦ ਅਦਾ ਕੀਤੇ। ਉਸ ਦੀ ਸ਼ਿਕਾਇਤ ’ਤੇ 2017 ਵਿੱਚ ਅਪਰਾਧ ਵਿੰਗ ਨੇ ਕੇਸ ਦਰਜ ਕੀਤਾ ਸੀ।
ਪ੍ਰਦੀਪ ਪਾਲੀਵਾਲ ਨੇ ਦਿੱਲੀ ਤੋਂ ਆਪਣੇ ਟਿਕਾਣੇ ਨੂੰ ਕਰਨਾਟਕ, ਮਹਾਰਾਸ਼ਟਰ, ਗੁਜਰਾਤ, ਰਾਜਸਥਾਨ, ਪੰਜਾਬ ਵਿੱਚ ਤਬਦੀਲ ਕਰ ਦਿੱਤਾ। ਉਹ ਕਦੇ ਵੀ 24 ਘੰਟਿਆਂ ਤੋਂ ਵੱਧ ਸਮੇਂ ਲਈ ਇੱਕ ਥਾਂ ’ਤੇ ਨਹੀਂ ਰਿਹਾ। ਉਹ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕਰਦਾ ਸੀ। ਮੁਲਜ਼ਮ ਇੰਟਰਨੈਟ ਦੇ ਅਣਪਛਾਤੇ ਸਰੋਤਾਂ ਦੀ ਵਰਤੋਂ ਕਰ ਰਿਹਾ ਸੀ। ਇੱਕ ਵਿਦੇਸ਼ੀ ਨੰਬਰ ਦੀ ਵਰਤੋਂ ਕਰ ਰਿਹਾ ਸੀ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਾਂਚ ਤੋਂ ਬਾਅਦ ਮੁਲਜ਼ਮ ਦੀ ਲੋਕੇਸ਼ਨ ਟਰੇਸ ਕੀਤੀ ਗਈ। ਪੁਲੀਸ ਨੇ ਸਾਰੇ ਤੱਥਾਂ ਦਾ ਪਤਾ ਲਗਾਉਣ ਮਗਰੋਂ ਪ੍ਰਦੀਪ ਪਾਲੀਵਾਲ ਨੂੰ ਉਸ ਦੇ ਸਾਥੀ ਵਿਨਾਇਕ ਭੱਟ ਸਣੇ ਦਿੱਲੀ ਨੇੜਿਓਂ ਕਾਬੂ ਕਰ ਲਿਆ। ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।