ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਜੁਲਾਈ
ਡਾਕਟਰੀ ਸਹੂਲਤਾਂ ਦੇ ਦਿਨੋ-ਦਿਨ ਮਹਿੰਗੇ ਹੋਣ ਕਾਰਨ ਗ਼ਰੀਬ ਲੋਕਾਂ ਲਈ ਬਿਮਾਰੀਆਂ ਦਾ ਇਲਾਜ ਕਰਵਾਉਣਾ ਮੁਸ਼ਕਲ ਹੋ ਰਿਹਾ ਹੈ। ਖ਼ੈਰਾਇਤੀ ਸੰਸਥਾਵਾਂ ਵੱਲੋਂ ਅਜਿਹੇ ਲੋਕਾਂ ਲਈ ਡਾਕਟਰੀ ਸਹੂਲਤਾਂ ਦੇਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਡਾਕਟਰੀ ਸਹੂਲਤਾਂ ਵਿੱਚ ਹੋਰ ਸੁਧਾਰ ਲਈ ਸਿੰਘ ਸਭਾ ਰਾਜ਼ੌਰੀ ਗਾਰਡਨ ਦੀ ਗੁਰੂ ਨਾਨਕ ਡਿਸਪੈਂਸਰੀ ਦੇ ਪ੍ਰਬੰਧਕਾਂ ਦੀ ਬੈਠਕ ਕੀਤੀ ਗਈ ਜਿਸ ਵਿੱਚ ਸਿੰਘ ਸਭਾ ਦੇ ਅਹੁਦੇਦਾਰ ਸ਼ਾਮਲ ਹੋਏ। ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਡਿਸਪੈਂਸਰੀ ਵਿੱਚ ਮਰੀਜ਼ਾਂ ਦੀ ਤਦਾਦ ਵੱਧਣ ਮਗਰੋਂ ਹੁਣ ਇਸ ਵਿੱਚ ਵਿਸਥਾਰ ਕਰਨ ਤੇ ਸਹੂਲਤਾਂ ਵਿੱਚ ਵਾਧੇ ਬਾਰੇ ਮੀਟਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੁਭਾਸ਼ ਨਗਰ, ਹਰੀ ਨਗਰ, ਮਾਨਸਰੋਵਰ ਗਾਰਡਨ ਦੇ ਸਿੱਖ ਪਤਵੰਤਿਆਂ ਵੱਲੋਂ ਵੀ ਅਜਿਹੀਆਂ ਡਿਸਪੈਂਸਰੀਆਂ ਆਪਣੇ ਇਲਾਕਿਆਂ ਵਿੱਚ ਖੋਲ੍ਹਣ ਲਈ ਸਿੰਘ ਸਭਾ ਤੋਂ ਮਸ਼ਵਰਾ ਲਿਆ ਗਿਆ ਹੈ ਤੇ ਮਹਿੰਗੀਆਂ ਸਹੂਲਤਾਂ ਸਸਤੀ ਦਰ ’ਤੇ ਦੇਣ ਲਈ ਪ੍ਰਬੰਧਕਾਂ ਵੱਲੋਂ ਕੀਤੇ ਗਏ ਇੰਤਜ਼ਾਮਾਂ ਤੋਂ ਪ੍ਰੇਰਨਾ ਲਈ ਗਈ। ਉਨ੍ਹਾਂ ਕਿਹਾ ਕਿ ਬੈਠਕ ਵਿੱਚ ਦਵਾਈਆਂ ਦੀ ਗੁਣਵੱਤਾ ਵਧਾਉਣਾ ਤੇ ਚੰਗੇ ਸਿਹਤ ਮਾਹਰਾਂ ਨੂੰ ਡਿਸਪੈਂਸਰੀ ਨਾਲ ਜੋੜਨ ਬਾਰੇ ਆਏ ਸੰਗਤ ਦੇ ਸੁਝਾਅ ਵਿਚਾਰੇ ਗਏ। ਬੈਠਕ ਵਿੱਚ ਭੁਪਿੰਦਰ ਸਿੰਘ ਬਾਵਾ, ਐਨ.ਐੱਸ ਭਾਟੀਆ ਤੇ ਹੋਰ ਸੱਜਣ ਸ਼ਾਮਲ ਹੋਏ।
ਸਿੰਘ ਸਭਾ ਵੱਲੋਂ ਮੀਰੀ-ਪੀਰੀ ਨੂੰ ਸਮਰਪਿਤ ਸਮਾਗਮ ਭਲਕੇ
ਸਿੰਘ ਸਭਾ ਰਾਜੌਰੀ ਗਾਰਡਨ ਵੱਲੋਂ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ‘ਨਾਮ ਅਭਿਆਸ ਸਮਾਗਮ’ 10 ਜੁਲਾਈ ਐਤਵਾਰ ਨੂੰ ਸ਼ਾਮ 4 ਵਜੇ ਤੋਂ 10 ਵਜੇ ਰਾਤ ਤੱਕ ਕਰਵਾਇਆ ਜਾ ਰਿਹਾ ਹੈ। ਭਾਈ ਹਰਪ੍ਰੀਤ ਸਿੰਘ, ਭਾਈ ਜਸਪ੍ਰੀਤ ਸਿੰਘ, ਭਾਈ ਸਹਿਜਦੀਪ ਸਿੰਘ, ਭਾਈ ਦਵਿੰਦਰ ਸਿੰਘ, ਬੀਬੀ ਸਿਮਰਨਜੀਤ ਕੌਰ ਵੱਲੋਂ ਸੇਵਾਵਾਂ ਦਿੱਤੀਆਂ ਜਾਣਗੀਆਂ। ਮਨਪ੍ਰੀਤ ਸਿੰਘ ਕਾਨਪੁਰੀ ਵੱਲੋਂ ਕੀਰਤਨ ਕੀਤਾ ਜਾਵੇਗਾ। ਸਕੱਤਰ ਨਰਿੰਦਰ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਇਲਾਕੇ ਦੀ ਸੰਗਤ ਦੀ ਮੰਗ ਉਪਰ ਰੱਖਿਆ ਗਿਆ ਤੇ ਨਵੀਂ ਪਨੀਰੀ ਨੂੰ ਵਿਰਸੇ ਨਾਲ ਜੋੜਨ ਦਾ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ।