ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜਨਵਰੀ
ਦਿੱਲੀ ਐੱਨਸੀਆਰ ਦੇ ਇਲਾਕਿਆਂ ਵਿੱਚ ਅੱਜ ਸਵੇਰ ਵੇਲੇ ਸੰਘਣੀ ਧੁੰਦ ਛਾ ਗਈ। ਇਸ ਧੁੰਦ ਕਾਰਨ ਗੱਡੀਆਂ ਚਲਾਉਣ ਵਾਲਿਆਂ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੇਖਣਯੋਗਤਾ ਦੀ ਕਮੀ ਕਾਰਨ ਵਾਹਨ ਹੌਲੀ ਰਫ਼ਤਾਰ ਨਾਲ ਚੱਲੇ ਤੇ ਉਨ੍ਹਾਂ ਨੂੰ ਮੰਜ਼ਿਲਾਂ ਤੈਅ ਕਰਨ ਲਈ ਵੱਧ ਸਮਾਂ ਲੱਗਿਆ। 1 ਵਜੇ ਤੋਂ ਬਾਅਦ ਜਾ ਕੇ ਧੁੰਦ ਕੁੱਝ ਘਟੀ ਪਰ ਫਿਰ ਸ਼ਾਮ ਨੂੰ ਧੁੰਦ ਦਾ ਪਸਾਰਾ ਹੋ ਗਿਆ। ਗੁਰੂਗ੍ਰਾਮ, ਗ੍ਰੈਟਰ ਨੋਇਡਾ, ਨੋਇਡਾ, ਗਾਜ਼ੀਆਬਾਦ, ਫਰੀਦਾਬਾਦ ਤੇ ਸੋਨੀਪਤ ਵਿੱਚ ਲੋਕ ਬੱਤੀਆਂ ਜਗਾ ਕੇ ਗੱਡੀਆਂ ਚਲਾਉਂਦੇ ਦੇਖੇ ਗਏ। ਦਿਨ ਦਾ ਤਾਪਮਾਨ 15 ਡਿਗਰੀ ਦੇ ਕਰੀਬ ਰਿਹਾ ਜਦੋਂ ਕਿ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਮਾਪਿਆ ਗਿਆ। ਅਗਲੇ ਦਿਨਾਂ ਦੌਰਾਨ ਵੀ ਸੀਤ ਲਹਿਰ ਜਾਰੀ ਰਹਿ ਸਕਦੀ ਹੈ।