ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਸਤੰਬਰ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਚੌਧਰੀ ਅਨਿਲ ਕੁਮਾਰ ਦੀ ਅਗਵਾਈ ਹੇਠ ਦਿੱਲੀ ਕਾਂਗਰਸ ਦੇ ਵਫ਼ਦ ਨੇ ਅੱਜ ਦਿੱਲੀ ਪੁਲੀਸ ਕਮਿਸ਼ਨਰ ਨੂੰ ਇਕ ਮੰਗ ਪੱਤਰ ਸੌਂਪਿਆ। ਇਸ ਦੌਰਾਨ ਸੂਬਾ ਪ੍ਰਧਾਨ ਨੇ ਕਿਹਾ ਕਿ ਦਿੱਲੀ ਕਾਂਗਰਸ ਨੇ ਬੀਤੀ 3 ਜੂਨ ਨੂੰ ਦਿੱਲੀ ਪੁਲੀਸ ਕੋਲ ਨਵੀਂ ਆਬਕਾਰੀ ਨੀਤੀ ਨੂੰ ਲਾਗੂ ਕਰਨ ਅਤੇ ਲਾਇਸੈਂਸ ਅਲਾਟ ਕਰਨ ਸਬੰਧੀ ਬੇਨਿਯਮੀਆਂ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੀ ਜਾਂਚ ਸੀਬੀਆਈ ਤੋਂ ਬਾਅਦ ਦਿੱਲੀ ਪੁਲੀਸ ਵੱਲੋਂ ਬੰਦ ਕੀਤੀ ਜਾ ਸਕਦੀ ਹੈ। ਉਨ੍ਹਾਂ ਪੁਲੀਸ ਕਮਿਸ਼ਨਰ ਤੋਂ ਮੰਗ ਕਰਦਿਆਂ ਕਿਹਾ ਕਿ ਦਿੱਲੀ ਕਾਂਗਰਸ ਦੀ ਸ਼ਿਕਾਇਤ ‘ਤੇ ਜਾਂਚ ਜਾਰੀ ਰੱਖੀ ਜਾਵੇ ਕਿਉਂਕਿ ਇਸ ਦੇ ਸਾਜ਼ਿਸ਼ਘਾੜੇ ਕਥਿਤ ਤੌਰ ’ਤੇ ਆਬਕਾਰੀ ਮੰਤਰੀ ਮਨੀਸ਼ ਸਿਸੋਦੀਆ ਹਨ| ਉਨ੍ਹਾਂ ਕਿਹਾ ਕਿ ਦਿੱਲੀ ਕਾਂਗਰਸ ਨੇ ਆਬਕਾਰੀ ਨੀਤੀ 2021-22 ਦੇ ਨਿਯਮਾਂ ਅਤੇ ਸ਼ਰਤਾਂ ‘ਤੇ ਦਿੱਲੀ ਸਰਕਾਰ ਦੁਆਰਾ ਇੱਕ ਕਾਰਟੇਲ ਬਣਾਉਣ ਅਤੇ ਦਿੱਲੀ ਦੀ ਸ਼ਰਾਬ ਮੰਡੀ ਨੂੰ ਕੁਝ ਸਮੂਹਾਂ ਨੂੰ ਸੌਂਪਣ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਸ਼ਰਾਬ ਨੀਤੀ ‘ਚ ਕਰੋੜਾਂ ਦਾ ਘਪਲਾ ਕੀਤਾ ਸੀ ਅਤੇ ਪਿਛਲੇ ਦਿਨਾਂ ਦੌਰਾਨ ਸਿਰਫ ਨਵੇਂ ਸਬੂਤ ਸਾਹਮਣੇ ਆਏ ਹਨ। ਅਨਿਲ ਕੁਮਾਰ ਨੇ ਦੱਸਿਆ ਕਿ ਪੁਲੀਸ ਕਮਿਸ਼ਨਰ ਨੇ ਕਾਂਗਰਸੀ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਨੂੰ ਘੋਖ ਕੇ ਇਨਸਾਫ਼ ਦਿਵਾਉਣਗੇ| ਇਸ ਮੌਕੇ ਸਾਬਕਾ ਸੰਸਦ ਮੈਂਬਰ ਰਮੇਸ਼ ਕੁਮਾਰ, ਸਾਬਕਾ ਵਿਧਾਇਕ ਅਨਿਲ ਭਾਰਦਵਾਜ, ਸਾਬਕਾ ਮੰਤਰੀ ਡਾ. ਨਰਿੰਦਰ ਨਾਥ ਤੇ ਸਾਬਕਾ ਵਿਧਾਇਕ ਹਰੀ ਸ਼ੰਕਰ ਗੁਪਤਾ ਆਦਿ ਹਾਜ਼ਰ ਸਨ।