ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਜੂਨ
ਕੌਮੀ ਰਾਜਧਾਨੀ ਨੂੰ ਮੈਟਰੋ ਨੈੱਟਵਰਕਾਂ ਰਾਹੀਂ ਜੋੜਨ ਲਈ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਏਅਰਪੋਰਟ ਐਕਸਪ੍ਰੈੱਸ ਲਾਈਨ ਦੇ ਦਵਾਰਕਾ ਸੈਕਟਰ 21-ਆਈਆਈਸੀਸੀ ਮੈਟਰੋ ਸੈਕਸ਼ਨ ’ਤੇ ਅਜ਼ਮਾਇਸ਼ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਦਵਾਰਕਾ ਸੈਕਟਰ 21 ਦੇ ਵਿਚਕਾਰ ਦੇ ਹਿੱਸੇ ਤੇ ਆਗਾਮੀ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ (ਆਈਆਈਸੀਸੀ) ਦੇ ਜੁਲਾਈ ਤੱਕ ਚਾਲੂ ਹੋਣ ਦੀ ਉਮੀਦ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਵਾਰਕਾ ਸੈਕਟਰ 25 (ਆਈਆਈਸੀਸੀ) ਇੱਕ ਭੂਮੀਗਤ ਸਟੇਸ਼ਨ ਹੈ ਤੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-3 ਰਾਹੀਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਨੂੰ ਦਵਾਰਕਾ ਸੈਕਟਰ 21 ਨਾਲ ਜੋੜਨ ਵਾਲੀ ਮੌਜੂਦਾ ਏਅਰਪੋਰਟ ਐਕਸਪ੍ਰੈੱਸ ਲਾਈਨ ਦਾ ਇੱਕ ਵਿਸਤਾਰ ਹੈ। ਡੀਐਮਆਰਸੀ ਨੇ ਕਿਹਾ ਕਿ ਇਸ ਸੈਕਸ਼ਨ ਦੇ ਪੂਰਾ ਹੋਣ ਨਾਲ ਨਵੀਂ ਦਿੱਲੀ ਤੋਂ ਦਵਾਰਕਾ ਸੈਕਟਰ-25 (ਆਈਆਈਸੀਸੀ) ਏਅਰਪੋਰਟ ਐਕਸਪ੍ਰੈਸ ਲਾਈਨ ਕੋਰੀਡੋਰ 24.70 ਕਿਲੋਮੀਟਰ ਲੰਬਾ ਹੋ ਜਾਵੇਗਾ। ਅਜ਼ਮਾਇਸ਼ ਦੌਰਾਨ ਸਿਗਨਲਿੰਗ ਪ੍ਰਣਾਲੀਆਂ ਦੀ ਜਾਂਚ ਕੀਤੀ ਜਾਂਦੀ ਹੈ। ਅਧਿਕਾਰੀ ਨੇ ਦੱਸਿਆ ਕਿ ਜਾਂਚ ਮੁਕੰਮਲ ਹੋਣ ਤੋਂ ਬਾਅਦ ਮੈਟਰੋ ਰੇਲ ਸੇਫਟੀ ਕਮਿਸ਼ਨਰ ਸਮੇਤ ਵੱਖ-ਵੱਖ ਮਨਜ਼ੂਰੀ ਦੇਣ ਵਾਲੀਆਂ ਅਥਾਰਟੀਆਂ ਵੱਲੋਂ ਲਾਜ਼ਮੀ ਨਿਰੀਖਣ ਕੀਤੇ ਜਾਣਗੇ। ਇਨ੍ਹਾਂ ਲਾਜ਼ਮੀ ਮਨਜ਼ੂਰੀਆਂ ਤੋਂ ਬਾਅਦ ਸੈਕਸ਼ਨ ਨੂੰ ਯਾਤਰੀਆਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਇਸ ਸੈਕਸ਼ਨ ਦੇ ਖੁੱਲ੍ਹਣ ਨਾਲ ਇਨ੍ਹਾਂ ਖੇਤਰਾਂ ਦੇ ਵਸਨੀਕ ਲਗਪਗ ਅੱਧੇ ਘੰਟੇ ਵਿੱਚ ਕੇਂਦਰੀ ਦਿੱਲੀ ਤੱਕ ਪਹੁੰਚ ਸਕਣਗੇ।