ਮਨਧੀਰ ਦਿਓਲ
ਨਵੀਂ ਦਿੱਲੀ, 31 ਅਕਤੂਬਰ
ਦਿੱਲੀ ਤੇ ਐੱਨਸੀਆਰ ਵਿੱਚ ਪ੍ਰਦੂਸ਼ਣ ਦਾ ਕਹਿਰ ਜਾਰੀ ਹੈ ਤੇ ਅੱਜ ਹਵਾ ਸ਼ੁੱਧਤਾ ਸੂਚਕ ਅੰਕ (ਏਕਿਊਆਈ) 417 ਤੱਕ ਪਹੁੰਚ ਗਿਆ ਜੋ ਪ੍ਰਦੂਸ਼ਣ ਦੀ ਬਹੁਤ ਗੰਭੀਰ ਸਥਿਤੀ ਦੱਸਦਾ ਹੈ। ਦਿੱਲੀ ਦੇ ਵੱਖ-ਵੱਖ ਇਲਾਕਿਆਂ ਜਿਨ੍ਹਾਂ ਵਿੱਚ ਅਲੀਪੁਰ (385), ਆਨੰਦ ਲੋਕ (302), ਆਨੰਦ ਪਰਬਤ (350), ਆਨੰਦ ਵਿਹਾਰ (337), ਆਸ਼ੋਕ ਵਿਹਾਰ ਫੇਸ ਇੱਕ ਵਿੱਚ (384) ਤੇ ਫੇਸ ਦੋ ਵਿੱਚ 417 ਤੱਕ ਪਹੁੰਚ ਗਿਆ। ਬਾਲੀ ਨਗਰ ਵਿੱਚ 304 ਤੇ ਬਵਾਨਾ ਸਨਅਤੀ ਇਲਾਕੇ ਵਿੱਚ 357 ਤੇ ਬਵਾਨਾ ਕੂੜਾ ਘਰ ਵਿਖੇ 309 ਮਾਪਿਆ ਗਿਆ। ਦਿੱਲੀ ਵਿੱਚ ਪੀਐੱਮ 2.5 ਦਾ ਪੱਧਰ ਸਿਫ਼ਾਰਸ਼ ਕੀਤੇ ਜਾਂਦੇ ਅੰਕੜੇ ਤੋਂ 16.7 ਗੁਣਾ ਜ਼ਿਆਦਾ ਹੈ। ਸਿਹਤ ਮਾਹਰਾਂ ਮੁਤਾਬਕ ਇਹ ਹਵਾ ਦਮੇ ਤੇ ਸਾਹ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਲਈ ਘਾਤਕ ਹੈ। ਦਿੱਲੀ-ਐੱਨਸੀਆਰ ਵਿੱਚ ਦਿਨ ਵੇਲੇ ਸੂਰਜ ਦੀ ਰੌਸ਼ਨੀ ਮੱਧਮ ਹੋ ਗਈ ਤੇ ਕੁਝ ਸਮਾਂ ਤਾਂ ਸੂਰਜ ਦੀ ਧੁੰਦਲੀ ਰੌਸ਼ਨੀ ਹੀ ਨਜ਼ਰ ਆ ਰਹੀ ਸੀ। ਅਸਮਾਨ ’ਤੇ ਧੁਆਂਖੀ ਧੁੰਦ ਛਾਈ ਰਹੀ ਤੇ ਸ਼ਾਮ ਨੂੰ ਸੂਰਜ ਦੀ ਰੌਸ਼ਨੀ ਮੱਧਮ ਪੈ ਗਈ। ਸੋਮਵਾਰ ਸਵੇਰੇ ਦਿੱਲੀ ਦੀ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਰਹੀ ਤੇ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਸੀਜ਼ਨ ਦੀ ਔਸਤ ਤੋਂ ਇੱਕ ਡਿਗਰੀ ਘੱਟ ਹੈ। ਪ੍ਰਦੂਸ਼ਣ ਦੇ ਪੱਧਰ ਦੇ ਵਿਗੜਨ ਦੇ ਨਾਲ ਕੇਂਦਰ ਦੇ ਹਵਾ ਗੁਣਵੱਤਾ ਪੈਨਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦੇ ਪੜਾਅ ਤਿੰਨ ਦੇ ਤਹਿਤ ਜ਼ਰੂਰੀ ਪ੍ਰਾਜੈਕਟਾਂ ਨੂੰ ਛੱਡ ਕੇ, ਦਿੱਲੀ-ਐੱਨਸੀਆਰ ’ਚ ਉਸਾਰੀ ਅਤੇ ਢਾਹੁਣ ’ਤੇ ਪਾਬੰਦੀ ਲਗਾਉਣ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 8.30 ਵਜੇ ਨਮੀ 90 ਫੀਸਦੀ ਰਹੀ। ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ’ਤੇ ਸੀ।
‘ਰੈੱਡ ਲਾਈਟ ਆਨ ਗੱਡੀ ਆਫ਼’ ਮੁਹਿੰਮ ਦੀ ਫਾਈਲ ਮੁੜ ਉਪ ਰਾਜਪਾਲ ਨੂੰ ਭੇਜੀ
ਦਿੱਲੀ ਸਰਕਾਰ ਵੱਲੋਂ ‘ਰੈੱਡ ਲਾਈਟ ਆਨ ਗੱਡੀ ਆਫ਼’ ਮੁਹਿੰਮ ਦੀ ਫਾਈਲ ਮੁੜ ਉਪ ਰਾਜਪਾਲ ਨੂੰ ਭੇਜੀ ਗਈ ਹੈ। ਉਪ ਰਾਜਪਾਲਾ ਵੀ.ਕੇ ਸਕਸੈਨਾ ਤੋਂ ਮਨਜ਼ੂਰੀ ਮਿਲਣ ਮਗਰੋਂ ਹੀ ਦਿੱਲੀ ਸਰਕਾਰ ਫਿਰ ਰੈੱਡ ਲਾਈਟ ਆਨ ਗੱਡੀ ਆਫ਼ ਸ਼ੁਰੂ ਕਰ ਸਕੇਗੀ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦੱਸਿਆ ਕਿ ਭਾਰਤ, ਅਮਰੀਕਾ ਤੇ ਯੂ ਕੇ ਵਿੱਚ ਇਸ ਮੁਹਿੰਮ ਨਾਲ ਪ੍ਰਦੂਸ਼ਣ ਉਪਰ ਕਾਬੂ ਪਾਉਣ ਦੇ ਤੱਥ ਸਾਹਮਣੇ ਆ ਚੁੱਕੇ ਹਨ ਤੇ ਇਨ੍ਹਾਂ ਸਬੂਤਾਂ ਬਾਰੇ ਇਸ ਵਾਰ ਫਾਈਲ ਵਿੱਚ ਜ਼ਿਕਰ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਵਾਤਾਵਰਨ ਵਾਲੰਟੀਅਰ ਦਿੱਲੀ ਦੇ ਮੁੱਖ ਚੌਕਾਂ ਉਪਰ ਸਾਰਾ ਦਿਨ ਖੜ੍ਹ ਕੇ ਲੋਕਾਂ ਨੂੰ ਲਾਲ ਬੱਤੀ ਦੇ ਹਰੀ ਹੋਣ ਤੱਕ ਆਪਣੀਆਂ ਗੱਡੀਆਂ ਦੇ ਇੰਜਣ ਬੰਦ ਕਰਨ ਦੀ ਅਪੀਲ ਕਰਦੇ ਹਨ ਤਾਂ ਜੋ ਇਸ ਇੱਕ ਤੋਂ 3 ਮਿੰਟ ਦੇ ਵਕਫੇ ਦੌਰਾਨ ਗੱਡੀਆਂ ਵਿੱਚੋਂ ਧੂੰਆਂ ਨਿਕਲਣਾ ਬੰਦ ਹੋ ਸਕੇ। ਸ੍ਰੀ ਰਾਏ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਦੇ 40 ਸ਼ਹਿਰਾਂ ਵਿੱਚ ਅਜਿਹੀਆਂ ਮੁਹਿੰਮਾਂ ਚਲਾਈਆਂ ਗਈਆਂ ਹਨ ਤੇ ਦਿੱਲੀ ਸਰਕਾਰ ਨੂੰ ਪਤਾ ਲੱਗਿਆ ਕਿ ਅਮਰੀਕਾ ਤੇ ਯੂਕੇ ਵਿੱਚ ਵੀ ਅਜਿਹੀਆਂ ਮੁਹਿੰਮਾਂ ਚਲਾਈਆਂ ਗਈਆਂ। ਸੂਤਰਾਂ ਮੁਤਾਬਕ ਆਮ ਹਾਲਤਾਂ ਵਿੱਚ ਲੋਕ 20 % ਲੋਕ ਹੀ ਲਾਲ ਬੱਤੀ ਉਪਰ ਗੱਡੀਆਂ ਦੇ ਇੰਜਣ ਬੰਦ ਕਰਦੇ ਹਨ ਜਦੋਂ ਕਿ ਮੁਹਿੰਮ ਦੌਰਾਨ ਇਹ ਅੰਕੜਾ 80% ਤੱਕ ਪਹੁੰਚ ਜਾਣ ਨਾਲ ਧੂੰਏਂ ਦੀ ਘੱਟ ਮਾਤਰਾ ਹਵਾ ਵਿੱਚ ਫੈਲਦੀ ਹੈ। ਸ੍ਰੀ ਰਾਏ ਨੇ ਪੈਟਰੋਲੀਅਮ ਕੰਜ਼ਰਵੇਸ਼ਨ ਰਿਸਰਚ ਐਸੋਸੀਏਸ਼ਨ ਦੇ ਅੰਕੜਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਲੋਕ ਲਾਲ ਬੱਤੀਆਂ ਉਪਰ ਗੱਡੀਆਂ ਬੰਦ ਕਰਨ ਤਾਂ ਪ੍ਰਦੂਸ਼ਣ 15-12 ਫੀਸਦੀ ਘੱਟ ਹੋਵੇਗਾ। ਉਪ ਰਾਜਪਾਲ ਨੇ ਇਸ ਮੁਹਿੰਮ ਵੀ ਵਿਹਾਰਕਤਾ ਤੇ ਵਾਤਾਵਰਨ ਵਾਲੰਟੀਅਰਾਂ ਨਾਲ ਜੁੜੇ ਮੁੱਦੇ ਉਠਾਏ ਸਨ ਤੇ ਜਵਾਬ ਵਿੱਚ ਕਿਹਾ ਸੀ ਕਿ ਅਜਿਹੇ ਆਰਜੀ ਪ੍ਰਬੰਧਾਂ ਦੀ ਥਾਂ ਪੱਕੇ ਪ੍ਰਬੰਧ ਕੀਤੇ ਜਾਣ। ਦਿੱਲੀ ਸਰਕਾਰ ਤੇ ਉਪ ਰਾਜਪਾਲ ਦਰਮਿਆਨ ਵਿੱਚ ਮੁੱਦੇ ਨੂੰ ਲੈ ਕੇ ਬੀਤੇ ਦਿਨਾਂ ਤੋਂ ਤਕਰਾਰ ਚੱਲ ਰਹੀ ਹੈ।