ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੁਲਾਈ
ਸ਼ਹਿਰ ਵਿੱਚ ਪਾਣੀ ਭਰਨ ਵਾਲੀਆਂ ਨੀਵੀਆਂ ਥਾਵਾਂ ਦੀ ਨਿਰੰਤਰ ਨਿਗਰਾਨੀ ਯਕੀਨੀ ਬਣਾਉਣ ਦੇ ਉਦੇਸ਼ ਨਾਲ ਦਿੱਲੀ ਸਰਕਾਰ ਨੇ ਸੀਸੀਟੀਵੀ ਕੈਮਰੇ ਲਗਾਉਣ ਦਾ ਫ਼ੈਸਲਾ ਕੀਤਾ ਹੈ। ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਦੇ ਅਧਿਕਾਰੀਆਂ ਅਨੁਸਾਰ ਪਾਣੀ ਭਰਨ ਵਾਲੇ ਨਾਜ਼ੁਕ ਪੁਆਇੰਟਾਂ ਦੀ 24 ਘੰਟੇ ਨਿਗਰਾਨੀ ਕੀਤੀ ਜਾਵੇਗੀ। ਸੀਸੀਟੀਵੀ ਫੀਡ ਪੀਡਬਲਯੂਡੀ ਕੰਟਰੋਲ ਰੂਮ ਨੂੰ ਭੇਜੀ ਜਾਵੇਗੀ ਅਤੇ ਸਮੱਸਿਆ ਨਾਲ ਨਜਿੱਠਣ ਲਈ ਜ਼ਮੀਨੀ ਸਟਾਫ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਪੀਡਬਲਯੂਡੀ ਨੇ 147 ਪਾਣੀ ਭਰਨ ਵਾਲੇ ਖੇਤਰਾਂ ਦੀ ਪਛਾਣ ਕੀਤੀ ਹੈ, ਜਿਸ ਵਿੱਚ ਸੱਤ ਨਾਜ਼ੁਕ ਸਥਾਨ ਸ਼ਾਮਲ ਹਨ, ਜਿੱਥੋਂ ਹਰ ਬਰਸਾਤ ਦੇ ਮੌਸਮ ਵਿੱਚ ਭਾਰੀ ਹੜ੍ਹਾਂ ਦੀ ਰਿਪੋਰਟ ਕੀਤੀ ਜਾਂਦੀ ਹੈ। ਇਹ ਸੱਤ ਸਥਾਨ ਡਬਲਿਊਟੀਓ ਬਿਲਡਿੰਗ ਦੇ ਨੇੜੇ ਆਈਪੀ ਸਟੇਟ ਰਿੰਗ ਰੋਡ, ਮਿੰਟੋ ਬ੍ਰਿਜ, ਪੁਲ ਪ੍ਰਹਲਾਦਪੁਰ, ਜ਼ਾਖੀਰਾ, ਓਖਲਾ, ਆਜ਼ਾਦਪੁਰ ਤੇ ਜਹਾਂਗੀਰਪੁਰੀ ਮੈਟਰੋ ਸਟੇਸ਼ਨ ਰੋਡ ’ਤੇ ਅੰਡਰਪਾਸ ਹਨ।
ਭਾਰਤੀ ਮੌਸਮ ਵਿਭਾਗ ਵੱਲੋਂ ਅੱਜ ਜਾਰੀ ਕੀਤੀ ਗਈ ਸੰਤਰੀ ਚਿਤਾਵਨੀ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਕਿਹਾ ਕਿ ਡਰੇਨਾਂ ਦੀ ਮਜ਼ਬੂਤੀ, ਪੰਪਾਂ ਦੀ ਸਥਾਪਨਾ ਅਤੇ ਰੀਚਾਰਜ ਟੋਇਆਂ ਦੀ ਖੁਦਾਈ ਵਰਗੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੁਲ ਪ੍ਰਹਿਲਾਦਪੁਰ ਨੂੰ ਛੱਡ ਕੇ 30 ਜੂਨ ਨੂੰ ਛੇ ਹੋਰ ਥਾਵਾਂ ਤੋਂ ਪਾਣੀ ਭਰਨ ਦੀ ਸੂਚਨਾ ਨਹੀਂ ਮਿਲੀ ਸੀ, ਜਦੋਂ ਸ਼ਹਿਰ ਵਿੱਚ ਸੀਜ਼ਨ ਦੀ ਪਹਿਲੀ ਮੌਨਸੂਨ ਬਰਸਾਤ ਹੋਈ।
ਮਿੰਟੋ ਪੁਲ ਅੰਡਰਪਾਸ ’ਤੇ ਇੱਕ ਵੱਖਰੀ ਡਰੇਨ ਬਣਾ ਕੇ ਨਿਕਾਸੀ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਹ ਯਕੀਨੀ ਬਣਾਉਣ ਲਈ ਉੱਚ-ਸਮਰੱਥਾ ਵਾਲੇ ਆਟੋਮੇਟਿਡ ਵਾਟਰ ਪੰਪ, ਸੀਸੀਟੀਵੀ ਅਤੇ ਅਲਾਰਮ ਵੀ ਤਾਇਨਾਤ ਕੀਤੇ ਹਨ ਤਾਂ ਜੋ ਭਾਰੀ ਮੀਂਹ ਦੌਰਾਨ ਪਾਣੀ ਅੰਡਰਪਾਸ ਵਿੱਚ ਨਾ ਆਵੇ। ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਅਤੇ ਪੰਪ ’ਚ ਤਕਨੀਕੀ ਨੁਕਸ ਕਾਰਨ 30 ਜੂਨ ਨੂੰ ਪੁਲ ਪ੍ਰਹਲਾਦਪੁਰ ਅੰਡਰਪਾਸ ’ਤੇ ਪਾਣੀ ਭਰ ਗਿਆ ਸੀ, ਜਿਸ ਦਾ ਹੱਲ ਕਰ ਲਿਆ ਗਿਆ ਹੈ।
ਮੀਂਹ ਕਾਰਨ ਰੋਹਿਣੀ ਖੇਤਰ ’ਚ ਸੜਕ ਟੁੱਟ ਗਈ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਵਿੱਚ ਬੀਤੇ ਦਿਨ ਤੋਂ ਪੈ ਰਹੇ ਮੀਂਹ ਕਾਰਨ ਰੋਹਿਣੀ ਇਲਾਕੇ ਵਿੱਚ ਇੱਕ ਸੜਕ ਟੁੱਟ ਗਈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਦਿੱਲੀ ਟਰੈਫਿਕ ਪੁਲੀਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਗੁੱਡਵਿਲ ਸੁਸਾਇਟੀ ਸੇਕ-13 ਰੋਹਿਣੀ ਦੇ ਕੋਲ ਇੱਕ ਦਰੱਖਤ ਜੜ੍ਹ ਤੋਂ ਉੱਖੜ ਗਿਆ, ਜਿਸ ਕਾਰਨ ਇੱਕ ਸੜਕ ਟੁੱਟ ਗਈ, ਜਿਸ ਨਾਲ ਕੇਐਨ ਕਾਟਜੂ ਮਾਰਗ ਦੇ ਦੋਵੇਂ ਕੈਰੇਜਵੇਅ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਉਨ੍ਹਾਂ ਯਾਤਰੀਆਂ ਨੂੰ ਇਸ ਸੜਕ ਰਾਹੀਂ ਸਫ਼ਰ ਨਾ ਕਰਨ ਦੀ ਸਲਾਹ ਦਿੰਦਿਆਂ ਬਦਲਵੇ ਰਸਤੇ ਵਰਤਣ ਦੀ ਅਪੀਲ ਕੀਤੀ। ਅਧਿਕਾਰੀ ਨੇ ਕਿਹਾ ਕਿ ਰਿੰਗ ਰੋਡ ਵਾਲੇ ਪਾਸੇ ਤੋਂ ਅਥਾਰਟੀ ਰੈੱਡਲਾਈਟ ਵੱਲ ਆਉਣ ਵਾਲੀ ਆਵਾਜਾਈ ਨੂੰ ਰੋਡ ਨੰਬਰ ਬੀ5, ਪਟੇਲ ਅਪਾਰਟਮੈਂਟਸ ਵੱਲ ਮੋੜ ਦਿੱਤਾ ਗਿਆ ਹੈ ਤੇ ਅਥਾਰਟੀ ਰੈੱਡਲਾਈਟ ਤੋਂ ਰਿੰਗ ਰੋਡ ਵੱਲ ਆਉਣ ਵਾਲੀ ਆਵਾਜਾਈ ਨੂੰ ਜੀਐੱਸ ਅਪਾਰਟਮੈਂਟ ਤੋਂ ਮੋੜ ਦਿੱਤਾ ਗਿਆ ਹੈ।