ਨਵੀਂ ਦਿੱਲੀ, 9 ਜੂਨ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਕਿਹਾ ਕਿ ਕੇਂਦਰ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਵਿਚ ਕਰੋਨਾ ਦਾ ਹਾਲੇ ਤੱਕ ਸਮੁਦਾਇਕ ਫੈਲਾਅ ਨਹੀਂ ਹੋਇਆ ਪਰ ਇਸ ਦੇ ਨਾਲ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕੌਮੀ ਰਾਜਧਾਨੀ ਵਿੱਚ 31 ਜੁਲਾਈ ਤੱਕ ਕਰੋਨਾ ਦੇ 5.5 ਲੱਖ ਮਾਮਲੇ ਹੋ ਜਾਣਗੇ। ਦਿੱਲੀ ਆਫਤ ਪ੍ਰਬੰਧਨ ਅਥਾਰਟੀ (ਡੀਡੀਐੱਮਏ) ਨਾਲ ਮੀਟਿੰਗ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਜੁਲਾਈ ਦੇ ਅੰਤ ਤੱਕ ਦਿੱਲੀ ਵਿੱਚ 80,000 ਬੈੱਡਾਂ ਦੀ ਜ਼ਰੂਰਤ ਹੋਏਗੀ। ਬੈਠਕ ਦੀ ਪ੍ਰਧਾਨਗੀ ਉਪ ਰਾਜਪਾਲ ਅਨਿਲ ਬੈਜਲ ਨੇ ਕੀਤੀ ਜੋ ਦਿੱਲੀ ਆਫਤ ਪ੍ਰਬੰਧਨ ਅਥਾਰਟੀ ਦੇ ਚੇਅਰਮੈਨ ਵੀ ਹਨ। ਸ੍ਰੀ ਸਿਸੋਦੀਆ ਨੇ ਦੱਸਿਆ, “ਕੇਂਦਰ ਦੇ ਅਧਿਕਾਰੀਆਂ ਨੇ ਮੀਟਿੰਗ ਦੌਰਾਨ ਕਿਹਾ ਕਿ ਦਿੱਲੀ ਵਿੱਚ ਕੋਵਿਡ -19 ਦਾ ਕੋਈ ਸਮੁਦਾਇਕ ਫੈਲਾਅ ਹਾਲੇ ਨਹੀਂ ਹੋਇਆ।”