ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਅਕਤੂਬਰ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਸਥਾਨ ਦੇ ਰਾਜਪਾਲ ਸ੍ਰੀ ਮਦਨ ਲਾਲ ਖੁਰਾਣਾ ਦੀ 86ਵੀਂ ਜੈਅੰਤੀ ਮੌਕੇ ਅੱਜ ਕੀਰਤੀ ਨਗਰ ਵਿੱਚ ਕਰਵਾਏ ਸਮਾਗਮ ਵਿੱਚ ਵਿੱਚ ਭਾਜਪਾ ਵਰਕਰਾਂ ਨੇ ਸ਼ਿਰਕਤ ਕੀਤੀ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸਮਾਗਮ ਉਪਰੰਤ ਭੰਡਾਰਾ ਵੰਡਿਆ ਗਿਆ। ਇਸ ਮੌਕੇ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਅਤੇ ਸੰਗਠਨ ਦੇ ਜਨਰਲ ਸਕੱਤਰ ਸਿਧਾਰਥਨ, ਵਧੀਕ ਸੂਬਾ ਮੀਤ ਪ੍ਰਧਾਨ ਰਾਜੀਵ ਬੱਬਰ ਅਤੇ ਜਨਰਲ ਸਕੱਤਰ ਹਰਸ਼ ਮਲਹੋਤਰਾ, ਸਾਬਕਾ ਵਿਧਾਇਕ ਸੁਭਾਸ਼ ਸਚਦੇਵਾ, ਕਾਰਪੋਰੇਸ਼ਨ ਕੌਂਸਲਰ ਵਿਪਿਨ ਮਲਹੋਤਰਾ ਤੇ ਸਾਬਕਾ ਕੌਂਸਲਰ ਭਾਰਤ ਭੂਸ਼ਣ ਮਦਾਨ ਨੇ ਮਦਨ ਲਾਲ ਖੁਰਾਣਾ ਦੇ ਪਰਿਵਾਰਕ ਮੈਂਬਰਾਂ ਖਾਸ ਕਰਕੇ ਉਨ੍ਹਾਂ ਦੀ ਪਤਨੀ, ਨੂੰਹ ਤੇ ਬੇਟੇ ਦਿੱਲੀ ਭਾਜਪਾ ਦੇ ਬੁਲਾਰੇ ਹਰੀਸ਼ ਖੁਰਾਣਾ ਦੇ ਨਾਲ ਭੰਡਾਰਾ ਵੰਡਣ ਵਿੱਚ ਹਿੱਸਾ ਲਿਆ। ਸੰਬੋਧਨ ਵਿੱਚ ਆਦੇਸ਼ ਗੁਪਤਾ ਨੇ ਕਿਹਾ ਕਿ ਮਦਨ ਲਾਲ ਖੁਰਾਣਾ ਭਾਜਪਾ ਵਰਕਰਾਂ ਲਈ ਪ੍ਰੇਰਨਾ ਸਰੋਤ ਹਨ। ਸ੍ਰੀ ਖੁਰਾਣਾ ਨੇ ਦਿੱਲੀ ਨੂੰ ਨਾ ਸਿਰਫ ਇੱਕ ਰਾਜਨੀਤਿਕ ਕਾਰਜ ਸਥਾਨ ਦੇ ਰੂਪ ਵਿੱਚ ਬਲਕਿ ਇੱਕ ਮੰਦਰ ਦੇ ਰੂਪ ਵਿੱਚ ਵੇਖ ਕੇ ਇਸਦੇ ਨਾਗਰਿਕਾਂ ਦੀ ਸੇਵਾ ਕੀਤੀ। ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਠਾਉਣ ਵਿੱਚ ਮੋਹਰੀ ਸਨ। ਦਿੱਲੀ ਭਾਜਪਾ ਪ੍ਰਧਾਨ ਨੇ ਕਿਹਾ ਕਿ ਇਹ ਨਿਰਵਿਵਾਦ ਕਿਹਾ ਜਾ ਸਕਦਾ ਹੈ ਕਿ ਮਦਨ ਲਾਲ ਖੁਰਾਣਾ ਦਿੱਲੀ ਦੇ ਸਭ ਤੋਂ ਪਿਆਰੇ ਰਾਜਨੇਤਾ ਰਹੇ ਹਨ। ਸ੍ਰੀ ਖੁਰਾਣਾ ਦਾ ਪੰਜਾਬੀ ਭਾਈਚਾਰੇ ਵਿੱਚ ਖਾਸ ਥਾਂ ਸੀ। ਉਹ ਦਿੱਲੀ ਵਿੱਚ ਭਾਜਪਾ ਦਾ ਬੂਟਾ ਲਾਉਣ ਵਾਲੇ ਮੌਢੀ ਆਗੂਆਂ ਵਿੱਚੋਂ ਸਨ। ਇਸੇ ਕਰਕੇ ਉੁਹ ਦਿੱਲੀ ਦੇ ਅਜਿਹੇ ਮੁੱਖ ਮੰਤਰੀ ਬਣੇ ਜਿਨ੍ਹਾਂ ਕੌਮੀ ਰਾਜਧਾਨੀ ਦੇ ਵਿਕਾਸ ਵਿੱਚ ਯੋਗਦਾਨ ਪਾਇਆ।