ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜਨਵਰੀ
ਕੌਮੀ ਰਾਜਧਾਨੀ ਵਿੱਚ ਕਈ ਆਟੋ ਰਿਕਸ਼ਾ ਚਾਲਕਾਂ ਦਾ ਕਹਿਣਾ ਹੈ ਕਿ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਵਿੱਚ ਰਾਤ ਦਾ ਕਰਫਿਊ ਲਾਗੂ ਹੋਣ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਨ੍ਹਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋ ਰਹੀ ਹੈ। ਇੱਕ ਆਟੋ ਚਾਲਕ ਨੇ ਕਿਹਾ, ‘‘ਰਾਤ ਦੇ ਕਰਫਿਊ ਕਾਰਨ ਸਾਨੂੰ ਲੋੜੀਂਦੇ ਯਾਤਰੀ ਨਹੀਂ ਮਿਲ ਰਹੇ ਹਨ। ਸਾਡੀ ਰੋਜ਼ਾਨਾ ਆਮਦਨ ਪ੍ਰਭਾਵਿਤ ਹੋਈ ਹੈ। ਸੀਐੱਨਜੀ ਦੀਆਂ ਦਰਾਂ ਵਿੱਚ ਵੀ ਵਾਧਾ ਹੋਇਆ ਹੈ। ਪਹਿਲਾਂ ਇਹ 38 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਪਰ ਹੁਣ ਇਹ 53 ਰੁਪਏ ਪ੍ਰਤੀ ਕਿਲੋ ਹੈ ਪਰ ਕਿਰਾਇਆ ਨਹੀਂ ਵਧਿਆ।’ ਆਟੋ ਚਾਲਕ ਅਜੈ ਨੇ ਕਿਹਾ, ‘ਮਹਿੰਗਾਈ ਬਹੁਤ ਜ਼ਿਆਦਾ ਹੈ ਤੇ ਖਾਸ ਕਰਕੇ ਰਾਤ ਦੇ ਕਰਫਿਊ ਤੋਂ ਬਾਅਦ ਉਨ੍ਹਾਂ ਲਈ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ। ਰਾਤ ਦੇ ਕਰਫਿਊ ਕਾਰਨ ਉਨ੍ਹਾਂ ਨੂੰ ਸਵਾਰੀਆਂ ਤੋਂ ਬਿਨਾਂ ਹੀ ਵਾਪਸ ਮੁੜਨਾ ਪਿਆ ਹੈ।