ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਪਰੈਲ
ਸੀਐੱਨਜੀ ਦੀਆਂ ਕੀਮਤਾਂ ਵਿੱਚ 2.5 ਰੁਪਏ ਦੇ ਨਵੇਂ ਵਾਧੇ ਖ਼ਿਲਾਫ਼ ਆਟੋ, ਟੈਕਸੀ ਤੇ ਕੈਬ ਡਰਾਈਵਰ ਐਸੋਸੀਏਸ਼ਨਾਂ ਦੇ ਮੈਂਬਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਗੈਸ ਦੀਆਂ ਕੀਮਤਾਂ ’ਤੇ ਸਬਸਿਡੀ ਦੀ ਮੰਗ ਨੂੰ ਲੈ ਕੇ 18 ਅਪਰੈਲ ਤੋਂ ਹੜਤਾਲ ’ਤੇ ਜਾਣਗੇ। ਦਿੱਲੀ ਆਟੋ ਰਿਕਸ਼ਾ ਸੰਘ ਦੇ ਜਨਰਲ ਸਕੱਤਰ ਰਾਜਿੰਦਰ ਸੋਨੀ ਨੇ ਕਿਹਾ ਕਿ ਕੇਂਦਰ ਅਤੇ ਦਿੱਲੀ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ ਅਤੇ ਉਹ 18 ਅਪਰੈਲ ਤੋਂ ਹੜਤਾਲ ’ਤੇ ਚਲੇ ਜਾਣਗੇ। ਸੋਨੀ ਨੇ ਕਿਹਾ ਕਿ ਸੀਐੱਨਜੀ ਦੀ ਕੀਮਤ ਹਰ ਰੋਜ਼ ਵੱਧ ਰਹੀ ਹੈ ਅਤੇ ਸਰਕਾਰ ਤੋਂ ਮੰਗ ਹੈ ਕਿ 35 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਮੁਹੱਈਆ ਕਰਵਾਈ ਜਾਵੇ। ਜਨਰਲ ਸਕੱਤਰ ਨੇ ਦੋਸ਼ ਲਾਇਆ ਕਿ ਪਿਛਲੇ ਸੱਤ ਸਾਲਾਂ ਵਿੱਚ ਦਿੱਲੀ ਸਰਕਾਰ ਨੇ ਕਦੇ ਵੀ ਆਟੋ-ਰਿਕਸ਼ਾ ਐਸੋਸੀਏਸ਼ਨ ਦੇ ਮੈਂਬਰਾਂ ਦੀ ਮੀਟਿੰਗ ਨਹੀਂ ਬੁਲਾਈ। ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ ਪਰ ਕੋਈ ਜਵਾਬ ਨਹੀਂ ਮਿਲਿਆ।