ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਅਪਰੈਲ
ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤੀ ਨਾਚ ਦੇ ਰੂਪਾਂ ਦਾ ਵਿਸਥਾਰ ਕਰਨ ਅਤੇ ਵਿਆਪਕ ਮਾਨਤਾ ਪ੍ਰਾਪਤ ਕਰਨ ਲਈ ਕੰਮ ਕਰਨ ਦਾ ਸੱਦਾ ਦਿੱਤਾ ਹੈ। ਸ੍ਰੀ ਦੱਤਾਤ੍ਰੇਅ ਨੇ ਨਵੀਂ ਦਿੱਲੀ ਦੇ ਤੇਲੰਗਾਨਾ ਭਵਨ ਵਿਖੇ ‘ਭਾਸ਼ਾ ਅਤੇ ਸੰਸਕ੍ਰਿਤੀ ਵਿਭਾਗ’ ਅਤੇ ‘ਸ਼ਿਖਾਰਾਮ ਆਰਟ ਥੀਏਟਰਸ, ਹੈਦਰਾਬਾਦ’ ਦੁਆਰਾ ਕਰਵਾਏ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਉਨ੍ਹਾਂ ਸਮਾਜਿਕ ਅਤੇ ਸੱਭਿਆਚਾਰਕ ਖੇਤਰ ਵਿੱਚ ਜ਼ਿਕਰਯੋਗ ਕੰਮ ਕਰਨ ਲਈ 21 ਵਿਅਕਤੀਆਂ ਨੂੰ ‘ਰਾਸ਼ਟਰੀ ਉਗਾਦੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਪ੍ਰਾਚੀਨ ਸੰਸਕ੍ਰਿਤੀ ਦੁਨੀਆ ਦੀ ਸਭ ਤੋਂ ਉੱਤਮ ਵਿਰਾਸਤ ਹੈ। ਪੁਰਾਤਨ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਮਨੁੱਖੀ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ। ਇਸ ਦਿਸ਼ਾ ਵਿੱਚ ਸੱਭਿਆਚਾਰਕ ਸੰਸਥਾਵਾਂ ਅਤੇ ਕਲਾਕਾਰਾਂ ਨੂੰ ਆਪਣੀ ਅਹਿਮ ਭੂਮਿਕਾ ਯਕੀਨੀ ਬਣਾਉਣੀ ਪਵੇਗੀ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਦਿੱਲੀ ਦੇ ਵਿਧਾਇਕ ਵਿਸ਼ਾਲ ਰਵੀ ਤੋਂ ਇਲਾਵਾ ਸ੍ਰੀ ਅੱਪਾ ਵੈਂਕਟ ਰਾਓ, ਡਾ: ਵਿੱਠਲ ਅਤੇ ਡਾ: ਵੀ. ਭਾਰਤੀ ਵਿੱਠਲ ਵੀ ਮੌਜੂਦ ਸਨ।