ਕੁਲਦੀਪ ਸਿੰਘ
ਨਵੀਂ ਦਿੱਲੀ, 5 ਮਈ
ਰਾਸ਼ਟਰੀ ਮੁਕਤ ਸਕੂਲੀ ਸਿੱਖਿਆ ਸੰਸਥਾ ਨੋਇਡਾ (ਐੱਨਆਈਓਐੱਸ) ਵੱਲੋਂ ਆਪਣੇ ਇੱਥੇ ਪੰਜਾਬੀ ਵਿਸ਼ੇ ਲਈ ਰਜਿਸਟਰ ਹੋਣ ਵਾਲੇ ਵਿਦਿਆਰਥੀਆਂ ਵਾਸਤੇ ‘ਐਫ.ਐਮ. ਚੈਨਲ 91.2’ ਕਮਿਊਨਿਟੀ ਰੇਡੀਓ ’ਤੇ ਮੁੜ ਤੋਂ ਪੰਜਾਬੀ ਵਿਸ਼ੇ ਦਾ ਪ੍ਰੋਗਰਾਮ ਦਾ ਆਰੰਭ ਕਰ ਦਿੱਤਾ ਗਿਆ। ਕਰੋਨਾ ਕਰਕੇ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਇਹ ਪ੍ਰੋਗਰਾਮ ਪ੍ਰਸਾਰਤ ਨਹੀਂ ਸੀ ਹੋ ਰਿਹਾ। ਹੁਣ ਐਨਆਈਓਐਸ ਵੱਲੋਂ ਮੁੜ ਤੋਂ ਵਿਦਿਆਰਥੀਆਂ ਲਈ ਇਹ ਪ੍ਰੋਗਰਾਮ ਆਰੰਭ ਕਰ ਦਿੱਤਾ ਹੈ। ਐਨਆਈਓਐਸ ਦੀ ਪਾਠਕ੍ਰਮ ਕਮੇਟੀ ਦੇ ਮੈਂਬਰ ਪ੍ਰਕਾਸ਼ ਸਿੰਘ ਗਿੱਲ ਨੇ ਕਮਿਊਨਿਟੀ ਰੇਡੀਓ ਚੈਨਲ ਤੇ ਸੀਨੀਅਰ ਸੈਕੰਡਰੀ ਵਿਸ਼ੇ ਦੇ ਵਿਦਿਆਰਥੀਆਂ ਨੂੰ ਪੰਜਾਬੀ ਵਿਸ਼ੇ ਬਾਰੇ ਮਾਰਗ ਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਵਿਸ਼ੇ ਨਾਲ ਸਬੰਧਤ ਵਿਦਿਆਰਥੀਆਂ ਨੂੰ ਜੇ ਵਿਸ਼ੇ ਸਬੰਧੀ ਕਿਸੇ ਵੀ ਔਕੜ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਮੁਕਤ ਵਿਦਿਆ ਵਾਣੀ ਤੇ ਪ੍ਰਸਾਰਤ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਟੈਲੀਫੋਨ ਜਾਂ ਈ-ਮੇਲ ਰਾਹੀਂ ਸੰਪਰਕ ਕਰਕੇ ਆਪਣੇ ਸਮੱਸਿਆਵਾਂ ਦਾ ਹੱਲ ਲੱਭ ਸਕਦੇ ਹਨ। ਆਪਣੇ ਪਲੇਠੇ ਪ੍ਰੋਗਰਾਮ ਵਿੱਚ ਸ੍ਰੀ ਗਿੱਲ ਨੇ ਵਿਦਿਆਰਥੀਆਂ ਨੂੰ ਬਾਰ੍ਹਵੀਂ ਜਮਾਤ ਵਿੱਚ ਪੜ੍ਹਾਈ ਜਾ ਰਹੀ ਪੰਜਾਬੀ ਪਾਠ ਪੁਸਤਕ 310 ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ। ਨੈਸ਼ਨਲ ਓਪਨ ਸਕੂਲ ਵੱਲੋਂ ਸੀਨੀਅਰ ਸੈਕੰਡਰੀ ਜਮਾਤ ਦੇ ਪੰਜਾਬੀ ਵਿਸ਼ੇ ਦੇ ਵਿਦਿਆਰਥੀਆਂ ਲਈ ਦੁਪਹਿਰ 2 ਤੋਂ 2.45 ਵਜੇ ਤੱਕ ਇਸ ਨੂੰ ਪ੍ਰਸਾਰਤ ਕੀਤਾ ਜਾਂਦਾ ਹੈ ਤੇ ਸੈਕੰਡਰੀ ਜਮਾਤ ਦੇ ਪੰਜਾਬੀ ਵਿਸ਼ੇ ਦੇ ਵਿਦਿਆਰਥੀਆਂ ਲਈ 12 ਵਜੇ ਤੋਂ 12.45 ਤੱਕ ਇਸ ਦਾ ਮਹੀਨੇ ਵਿੱਚ ਇੱਕ ਦਿਨ ਪ੍ਰਸਾਰਣ ਕੀਤਾ ਜਾਂਦਾ ਹੈ। ਜ਼ਿਕਰਯੋਗ ਗੱਲ ਹੈ ਕਿ ਇਸ ਪੋਗਰਾਮ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਸੰਸਥਾ ਵਿੱਚ ਪੰਜਾਬੀ ਵਿਸ਼ੇ ਨਾਲ ਰਜਿਸਟਰ ਹੋਣ ਵਾਲੇ ਵਿਦਿਆਰਥੀਆਂ ਵੱਲੋਂ ਸੇਧ ਲੈ ਕੇ ਪੰਜਾਬੀ ਦੇ ਪੇਪਰ ਨੂੰ ਚੰਗੇ ਅੰਕਾਂ ਨਾਲ ਪਾਸ ਕੀਤਾ ਜਾਂਦਾ ਰਿਹਾ ਹੈ।