ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਸਤੰਬਰ
ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਟਿਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੰਗਰੂਰ ਜ਼ਿਲ੍ਹੇ ਦੇ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਤੇ ਮੋਗਾ ਜ਼ਿਲ੍ਹੇ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਪੰਜਾਬ ਵਿੱਚ ਬਾਦਲਾਂ ਅਤੇ ਕੈਪਟਨ ਦੇ ਦਰਾਂ ਅੱਗੇ ਸ਼ੁਰੂ ਹੋਏ ਅੰਦੋਲਨ ਨੇ ਅੱਜ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਮੋਰਚੇ ਲਾਉਣ ਵਿੱਚ ਮਿਸਾਲ ਕਾਇਮ ਕੀਤੀ ਹੈ।
ਅੱਜ ਇਹ ਅੰਦੋਲਨ ਵਿਸ਼ਾਲ ਜਨ ਅੰਦੋਲਨ ਦਾ ਰੂਪ ਧਾਰਨ ਕਰ ਚੁੱਕਾ ਹੈ, ਜੇ ਪੰਜਾਬ ਦੀ ਗੱਲ ਕਰਨੀ ਹੋਵੇ ਇਹ ਜ਼ਮੀਨੀ ਅੰਦੋਲਨ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਘਰ-ਘਰ ਤਕ ਪਹੁੰਚ ਚੁੱਕਿਆ ਹੈ ਅਤੇ ਬੱਚੇ ਬੁੱਢੇ ਤੋਂ ਲੈ ਕੇ ਹਰੇਕ ਇਨਸਾਨ ਨੂੰ ਇਨ੍ਹਾਂ ਖੇਤੀ ਕਾਨੂੰਨਾਂ ਨਾਲ ਹੋਣ ਵਾਲੇ ਨੁਕਸਾਨ ਦੀ ਸਮਝ ਪੈ ਗਈ ਹੈ। ਇਸ ਕਰਕੇ ਪੰਜਾਬ ਦੇ ਵਿੱਚ ਆਪ ਮੁਹਾਰੇ ਲੋਕ ਵੋਟ ਪਾਰਟੀਆਂ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਸਾਰੀਆਂ ਹੀ ਵੋਟ ਪਾਰਟੀਆਂ ਇਸ ਵਿੱਚ ਭਾਗੀਦਾਰ ਹਨ।
ਹੁਣ ਸਾਰੀਆਂ ਹੀ ਵੋਟ ਪਾਰਟੀਆਂ ਨੂੰ ਭਾਜਪਾ ਸਮੇਤ ਅਕਾਲੀ ਕਾਂਗਰਸੀ ਜਾਂ ਹੋਰ ਹੋਣ ਉਨ੍ਹਾਂ ਵੱਲੋਂ ਪਿੰਡਾਂ ਦੀਆਂ ਸੱਥਾਂ ’ਚ ਜਾਣ ਲਈ ਲੋਕਾਂ ਦੇ ਬੁਨਿਆਦੀ ਮੁੱਦਿਆਂ ਨੂੰ ਛੱਡ ਕੇ ਜਾਤੀ ਜਾਂ ਧਰਮ ਦੇ ਆਧਾਰ ਤੇ ਮੁੱਖ ਮੰਤਰੀ ਜਾਂ ਡਿਪਟੀ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕਰ ਕੇ ਲੋਕਾਂ ਤੋਂ ਫ਼ਤਵਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਜਦੋਂ ਪਿੰਡਾਂ ਦੇ ਵਿੱਚ ਚੋਣਾਂ ਦੇ ਸਬੰਧ ਵਿੱਚ ਜਾਂਦੇ ਹਨ ਤਾਂ ਪਿੰਡਾਂ ਦੇ ਲੋਕ ਉਨ੍ਹਾਂ ਨੂੰ ਆਪਣੀਆਂ ਮੰਗਾਂ ਮਸਲਿਆਂ ਦੇ ਹੱਲ ਅਤੇ ਦੇਸ਼ ਦੇ ਵਿਕਾਸ ਪ੍ਰਤੀ ਸਵਾਲ ਕਰਦੇ ਹਨ ਜਿਨ੍ਹਾਂ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੈ।
ਇਹ ਜਥੇਬੰਦੀਆਂ ਦੇ ਇਸ ਸੰਘਰਸ਼ ਦੀ ਬਹੁਤ ਵੱਡੀ ਪ੍ਰਾਪਤੀ ਹੈ ।ਇਸ ਦਾ ਵਿਸ਼ਾਲ ਘੇਰਾ ਦੂਸਰੀਆਂ ਸਟੇਟਾਂ ਦੇ ਵਿੱਚ ਵਧ ਰਿਹਾ ਹੈ ਜਿਵੇਂ ਕਿ ਉਤਰਾਖੰਡ ਦੇ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਪਿਛਲੇ ਦਿਨੀਂ ਹਾਈਵੇਅ ਸੜਕ ਲਈ ਐਕੁਆਇਰ ਕੀਤੀ ਜ਼ਮੀਨ ਦਾ ਪੂਰਾ ਮੁਆਵਜ਼ਾ ਲੈਣ ਲਈ ਉਥੋਂ ਦੇ ਲੋਕਾਂ ਨੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ।