ਜਗਮੋਹਨ ਸਿੰਘ
ਰੂਪਨਗਰ, 5 ਜੂਨ
ਅੱਜ ਇਥੇ ਸਤਲੁਜ ਦਰਿਆ ਦੇ ਪੁਲ ’ਤੇ ਕਾਰ ਹਾਦਸਾਗ੍ਰਸਤ ਹੋਣ ਕਾਰਨ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਸਿਟੀ ਥਾਣਾ ਰੂਪਨਗਰ ਦੇ ਤਫਤੀਸੀ ਅਧਿਕਾਰੀ ਏਐੱਸਆਈ ਸੋਹਣ ਸਿੰਘ ਨੇ ਦੱਸਿਆ ਕਿ ਅੱਜ ਤੜਕੇ 3 ਵਜੇ ਆਸਰੋਂ ਪੁਲੀਸ ਚੌਕੀ ਵਿਖੇ ਤਾਇਨਾਤ 3 ਪੁਲੀਸ ਮੁਲਾਜ਼ਮ ਸਿਪਾਹੀ ਸੰਦੀਪ ਸਿੰਘ ਚੇਚੀ(30) ਪੁੱਤਰ ਅਸ਼ੋਕ ਕੁਮਾਰ ਵਾਸੀ ਹਸਨਪੁਰ ਕਲਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਨਰਿੰਦਰਪਾਲ ਸਿੰਘ (28) ਪੁੱਤਰ ਰਮੇਸ਼ ਚੰਦ ਵਾਸੀ ਪਿੰਡ ਤਾਜੋਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਧਰਮਵੀਰ ਸਿੰਘ ਆਪਣੀ ਗੱਡੀ ’ਤੇ ਸਤਲੁਜ ਦਰਿਆ ਦੇ ਪੁਲ ’ਤੇ ਗਸ਼ਤ ਕਰ ਰਹੇ ਸਨ ਤੇ ਜਦੋਂ ਉਹ ਰੂਪਨਗਰ ਵਾਲੀ ਸਾਈਡ ਤੋਂ ਵਾਪਸ ਜਾ ਰਹੇ ਸਨ ਤਾਂ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਪੁਲੀਸ ਮੁਲਾਜ਼ਮਾਂ ਦੀ ਕਾਰ ਦੇ ਇਕਦਮ ਬਿਲਕੁਲ ਨੇੜੇ ਆ ਗਈ, ਜਦੋਂ ਪੁਲੀਸ ਮੁਲਾਜ਼ਮਾਂ ਨੇ ਆਪਣੀ ਕਾਰ ਨੂੰ ਤੇਜ਼ ਰਫਤਾਰ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਬੇਕਾਬੂ ਹੋ ਕੇ ਪੁਲ ਦੇ ਡਿਵਾਇਡਰ ’ਤੇ ਚੜ੍ਹ ਕੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਦੌਰਾਨ ਪੁਲੀਸ ਮੁਲਾਜ਼ਮ ਸੰਦੀਪ ਸਿੰਘ ਚੇਚੀ ਦੀ ਮੌਤ ਹੋ ਗਈ ਤੇ ਨਰਿੰਦਰਪਾਲ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਤੀਜੇ ਮੁਲਾਜ਼ਮ ਦਾ ਸੱਟਾਂ ਤੋਂ ਬਚਾਅ ਹੋ ਗਿਆ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੂਪਨਗਰ ਪਹੁੰਚਾ ਦਿੱਤਾ ਗਿਆ ਹੈ, ਜਦੋਂ ਕਿ ਜ਼ਖਮੀ ਮੁਲਾਜ਼ਮ ਨਰਿੰਦਰਪਾਲ ਸਿੰਘ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਸਿਵਲ ਹਸਪਤਾਲ ਰੂਪਨਗਰ ਦੇ ਡਾਕਟਰਾਂ ਨੇ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ।