ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 28 ਅਪਰੈਲ
ਚੰਡੀਗੜ੍ਹ ਨਗਰ ਨਿਗਮ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਅਤੇ ਬਰਬਾਦੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤ ਰਿਹਾ ਹੈ। ਨਿਗਮ ਵੱਲੋਂ ਪਾਣੀ ਦੀ ਬਰਬਾਦੀ ਰੋਕਣ ਲਈ 15 ਅਪਰੈਲ ਤੋਂ ਮੁਹਿੰਮ ਚਲਾਈ ਗਈ ਹੈ। ਅੱਜ ਨਿਗਮ ਦੀਆਂ ਟੀਮਾਂ ਨੇ ਪਾਣੀ ਦੀ ਬਰਬਾਦੀ ਕਰਨ ਵਾਲੇ 34 ਡਿਫਾਲਟਰਾਂ ਨੂੰ ਨੋਟਿਸ ਜਾਰੀ ਕੀਤੇ ਹਨ ਜਦੋਂ ਕਿ ਇੱਕ ਜਣੇ ਦਾ ਪੰਜ ਹਜ਼ਾਰ ਰੁਪਏ ਦੇ ਚਲਾਨ ਕੱਟਿਆ। ਨਿਗਮ ਦੀਆਂ 18 ਟੀਮਾਂ ਇਸ ਸਮੇਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦੀ ਚੈਕਿੰਗ ਕਰ ਰਹੀਆਂ ਹਨ। ਨਿਗਮ ਨੇ ਪਿਛਲੇ 13 ਦਿਨਾਂ ਵਿੱਚ 800 ਤੋਂ ਜ਼ਿਆਦਾ ਲੋਕਾਂ ਨੂੰ ਪਾਣੀ ਬਰਬਾਦ ਕਰਦੇ ਹੋਏ ਫੜਿਆ ਹੈ ਜਿਨ੍ਹਾਂ ’ਚੋਂ 789 ਲੋਕਾਂ ਨੂੰ ਨੋਟਿਸ ਦਿੱਤਾ ਗਿਆ ਹੈ ਅਤੇ 52 ਲੋਕਾਂ ਦੇ ਪੰਜ-ਪੰਜ ਹਜ਼ਾਰ ਰੁਪਏ ਦੇ ਚਲਾਨ ਕੱਟੇ ਗਏ ਹਨ। ਤਿੰਨ ਵਾਰ ਫੜੇ ਜਾਣ ’ਤੇ ਪਾਣੀ ਦਾ ਕੁਨੈਕਸ਼ਨ ਕੱਟਿਆ ਜਾਵੇਗਾ।
30 ਜੂਨ ਤੱਕ ਜਾਰੀ ਰਹੇਗੀ ਕਾਰਵਾਈ: ਗਰਮੀ ਦੀ ਰੁੱਤ ਵਿੱਚ ਸ਼ਹਿਰ ਵਾਸੀਆਂ ਨੂੰ ਪਾਣੀ ਦੇ ਘੱਟ ਪ੍ਰੈਸ਼ਰ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਨਿਗਮ ਨੇ 15 ਅਪਰੈਲ ਤੋਂ ਗੱਡੀਆਂ ਨੂੰ ਧੋਣ ਅਤੇ ਬਗੀਚਿਆਂ ਵਿੱਚ ਸਿੰਜਾਈ ’ਤੇ ਰੋਕ ਲਗਾ ਦਿੱਤੀ ਸੀ। ਇਸੇ ਤਰ੍ਹਾਂ ਕੂਲਰ, ਪਾਣੀ ਦੇ ਮੀਟਰ ਅਤੇ ਛੱਤ ’ਤੇ ਰੱਖੀ ਟੈਂਕੀ ਲੀਕ ਹੁੰਦੀ ਹੈ ਤਾਂ ਨਿਗਮ ਵਲੋਂ ਨੋਟਿਸ ਦਿੱਤਾ ਜਾਂਦਾ ਹੈ। ਵਾਟਰ ਸਪਲਾਈ ਲਾਈਨ ਨਾਲ ਸਿੱਧਾ ਬੂਸਟਰ ਪੰਪ ਲਗਾਉਣ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ। ਡਿਫਾਲਟਰਾਂ ਦੇ ਪੰਜ ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾਂਦਾ ਹੈ। ਇਹ ਕਾਰਵਾਈ 30 ਜੂਨ ਤੱਕ ਜਾਰੀ ਰਹੇਗੀ।