ਦਰਸ਼ਨ ਿਸੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 11 ਮਈ
ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਇਤਿਹਾਸਕ ਨਗਰ ਸੋਹਾਣਾ ਵਿਖੇ ਚੋਣ ਦੌਰਾਨ ਆਮ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਆਪ ਸੁਪਰੀਮੋ ਅਰਵਿੰਦਰ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਵਿਧਾਨ ਸਭਾ ਚੋਣਾਂ ਦੌਰਾਨ ਜੋ ਵਾਅਦੇ ਅਤੇ ਗਾਰੰਟੀਆਂ ਦਿੱਤੀਆਂ ਸਨ, ਉਹ ਪੜਾਅਵਾਰ ਪੂਰੇ ਕਰਕੇ ਦਿਖਾਏ ਹਨ। ਹੁਣ ਲੋਕਤੰਤਰ ਤੇ ਦੇਸ਼ ਨੂੰ ਬਚਾਉਣ ਲਈ ‘ਆਪ’ ਫ਼ੈਸਲਾਕੁਨ ਜੰਗ ਲੜ ਰਹੀ ਹੈ। ਇਸ ਵਿੱਚ ਸਾਰੇ ਨਾਗਰਿਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਪਹਿਲਾਂ ਜੋ ਕਿਹਾ, ਉਹ ਕੀਤਾ ਅਤੇ ਹੁਣ ਜੋ ਕਹਾਂਗੇ, ਉਹ ਪੂਰਾ ਕਰਕੇ ਦਿਖਾਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਤੋਂ ਆਮ ਲੋਕ ਬੇਹੱਦ ਖ਼ੁਸ਼ ਹਨ। ਜਿਸ ਦਾ ਸਬੂਤ ਚੋਣ ਪ੍ਰਚਾਰ ਦੌਰਾਨ ਲੋਕਾਂ ਦੇ ਭਰਵੇਂ ਹੁੰਗਾਰੇ ਤੋਂ ਮਿਲ ਰਿਹਾ ਹੈ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ ਨੇ ਪਾਰਟੀ ਉਮੀਦਵਾਰ ਲਈ ਵਿਕਾਸ ਦੇ ਨਾਂ ’ਤੇ ਵੋਟਾਂ ਮੰਗੀਆਂ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਅਤੇ ਪੰਜਾਬ ਵਿੱਚ ਹਕੂਮਤ ਚਲਾਉਣ ਵਾਲੀਆਂ ਨੇ ਵਿਕਾਸ ਦੀ ਥਾਂ ਆਪਣੇ ਪਰਿਵਾਰਾਂ ਨੂੰ ਪਹਿਲ ਦਿੱਤੀ ਹੈ ਜਿਸ ਕਾਰਨ ਦੇਸ਼ ਅਤੇ ਸੂਬਾ ਵਿਕਾਸ ਪੱਖੋਂ ਲਗਾਤਾਰ ਪੱਛੜਦਾ ਚਲਾ ਗਿਆ। ਇਸ ਮੌਕੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਤੇ ਗੁਰਮੀਤ ਕੌਰ, ਸਾਬਕਾ ਕੌਂਸਲਰ ਕਮਲਜੀਤ ਕੌਰ, ਸੁਰਿੰਦਰ ਸਿੰਘ ਰੋਡਾ, ਜਸਵੀਰ ਕੌਰ ਅੱਤਲੀ, ਨੰਬਰਦਾਰ ਹਰਸੰਗਤ ਸਿੰਘ ਤੇ ਦਵਿੰਦਰ ਸਿੰਘ ਸੋਹਾਣਾ, ਹਰਪਾਲ ਸਿੰਘ ਚੰਨਾ, ਅਕਵਿੰਦਰ ਸਿੰਘ ਗੋਸਲ, ਤਰਨਜੋਤ ਸਿੰਘ ਆਦਿ ਮੌਜੂਦ ਸਨ।
ਕੰਗ ਕੁਰਾਲੀ ਦੇ ਬਾਲਾ ਸੁੰਦਰੀ ਮੰਦਰ ਵਿੱਚ ਨਤਮਸਤਕ
ਕੁਰਾਲੀ (ਮਿਹਰ ਸਿੰਘ): ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ‘ਆਪ’ ਦੇਸ਼ ਵਿੱਚ ਵੱਡੀ ਤਾਕਤ ਬਣੇਗੀ। ਉਹ ਅੱਜ ਸਥਾਨਕ ਬਾਲਾ ਸੁੰਦਰੀ ਮੰਦਰ ਵਿੱਚ ਮੱਥਾ ਟੇਕ ਦੇ ਆਸ਼ੀਰਵਾਦ ਲੈਣ ਲਈ ਪੁੱਜੇ ਸਨ। ਇਸ ਮੌਕੇ ਸ੍ਰੀ ਕੰਗ ਨੇ ਕਿਹਾ ਕਿ ਦੇਸ਼ ਵਾਸੀ ਵੀ ਹੁਣ ਪੰਜਾਬ ਵਾਂਗ ਸਾਫ਼-ਸੁਥਰੀ ਅਤੇ ਲੋਕਾਂ ਦੀ ਸਰਕਾਰ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਅਜਿਹੇ ਕੰਮ ਕੀਤੇ ਹਨ, ਜਿਸ ਨਾਲ ਹੁਣ ਪੰਜਾਬ ਦੇ ਲੋਕਾਂ ਦੀ ਹਮਦਰਦੀ ਤੇ ਭਰੋਸਾ ‘ਆਪ’ ਨਾਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਲੋਕਸ਼ਾਹੀ ਦੀ ਲੜਾਈ ਲੜ ਰਹੀ ਹੈ ਜਿਸ ਨੂੰ ਪੰਜਾਬ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ‘ਆਪ’ ਦਾ 13-0 ਮਿਸ਼ਨ ਸਫ਼ਲ ਹੋਵੇਗਾ। ਇਸੇ ਦੌਰਾਨ ਸ੍ਰੀ ਕੰਗ ਨੇ ਹਲਕੇ ਦੀ ਆਵਾਜ਼ ਸੰਸਦ ਵਿੱਚ ਪਹੁੰਚਾਉਣ ਦਾ ਵਾਅਦਾ ਕਰਦਿਆਂ ਕਿਹਾ ਕਿ ਹੁਣ ਤੱਕ ਦੇ ਲੋਕ ਸਭਾ ਮੈਂਬਰਾਂ ਨੇ ਹਲਕੇ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹਲਕੇ ਦੇ ਬਹੁਤ ਸਾਰੇ ਕੰਮ ਉਨ੍ਹਾਂ ਦੇ ਧਿਆਨ ਵਿੱਚ ਹਨ ਜਿਨ੍ਹਾਂ ਲਈ ਉਹ ਦਿਨ ਰਾਤ ਇੱਕ ਕਰਨਗੇ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰੀਸ਼ ਰਾਣਾ, ਕੌਂਸਲਰ ਬਹਾਦਰ ਸਿੰਘ ਓਕੇ, ਨੰਦੀਪਾਲ ਬਾਂਸਲ, ਖੁਸ਼ਬੀਰ ਸਿੰਘ ਹੈਪੀ, ਬਲਵਿੰਦਰ ਸਿੰਘ ਝਿੰਗੜਾਂ, ਸਰਪੰਚ ਹਰਜੀਤ ਸਿੰਘ ਟੱਪਰੀਆਂ, ਨਵਦੀਪ ਸਿੰਘ ਸੈਣੀ ਅਤੇ ਪਾਰਟੀ ਦੇ ਵੱਡੀ ਗਿਣਤੀ ਵਾਲੰਟੀਅਰ ਤੇ ਨੌਜਵਾਨ ਹਾਜ਼ਰ ਸਨ।