ਆਤਿਸ਼ ਗੁਪਤਾ
ਚੰਡੀਗੜ੍ਹ, 19 ਮਾਰਚ
ਸੋਹਣੇ ਸ਼ਹਿਰ ਚੰਡੀਗੜ੍ਹ ਵਿੱਚ ਕਰੋਨਾਵਾਇਰਸ ਸਬੰਧੀ ਪਾਬੰਦੀਆਂ ਕਰ ਕੇ ਪਿਛਲੇ ਦੋ ਸਾਲ ਹੋਲੀ ਦਾ ਤਿਉਹਾਰ ਮੱਠਾ ਰਿਹਾ ਸੀ ਪਰ ਇਸ ਵਾਰ ਸਿਟੀ ਬਿਊਟੀਫੁੱਲ ਦੇ ਲੋਕਾਂ ਨੇ ਹੋਲੀ ਦਾ ਤਿਉਹਾਰ ਧੁਮਧਾਮ ਨਾਲ ਮਨਾਇਆ। ਇਸ ਦੌਰਾਨ ਹਰ ਆਮ ਤੋਂ ਲੈ ਕੇ ਖਾਸ ਵਰਗ ਦੇ ਵਿਅਕਤੀ ਨੇ ਰੰਗਾਂ ਦੇ ਇਸ ਤਿਉਹਾਰ ਨੂੰ ਖੁਸ਼ੀ-ਖੁਸ਼ੀ ਮਨਾਇਆ। ਇਸੇ ਦੌਰਾਨ ਸ਼ਹਿਰ ਵਿੱਚ ਹੁੱਲੜਬਾਜ਼ੀ ਕਰਨ ਵਾਲਿਆਂ ’ਤੇ ਨੱਥ ਪਾਉਣ ਲਈ ਚੰਡੀਗੜ੍ਹ ਪੁਲੀਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਪੁਲੀਸ ਨੇ ਹੁੱਲੜਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਟਰੈਫਿਕ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਕਰੀਬ 270 ਵਾਹਨ ਚਾਲਕਾਂ ਦੇ ਚਲਾਨ ਕੱਟੇ ਅਤੇ 23 ਵਾਹਨ ਜ਼ਬਤ ਵੀ ਕੀਤੇ।
ਪ੍ਰਾਪਤ ਜਾਣਕਾਰੀ ਅਨੁਸਾਰ ਹੋਲੀ ਵਾਲੇ ਦਿਨ ਚੰਡੀਗੜ੍ਹ ਪੁਲੀਸ ਦੇ ਪੁਲੀਸ ਕਪਤਾਨ, ਉਪ ਪੁਲੀਸ ਕਪਤਾਨ ਅਤੇ ਥਾਣਾ ਮੁਖੀਆਂ ਸਣੇ 350 ਤੋਂ ਵੱਧ ਪੁਲੀਸ ਮੁਲਾਜ਼ਮਾਂ ਨੇ ਸ਼ਹਿਰ ’ਚ ਗਸ਼ਤ ਕੀਤੀ। ਪਲੀਸ ਨੇ ਸ਼ਹਿਰ ਵਿੱਚ 24 ਥਾਵਾਂ ’ਤੇ ਨਾਕੇ ਲਗਾਏ ਹੋਏ ਸਨ। ਇਸ ਦੌਰਾਨ ਸੈਕਟਰ-23/24 ਲਾਈਟ ਪੁਆਇੰਟ, ਅਰੋਮਾ ਲਾਈਟ ਪੁਆਇੰਟ, ਪ੍ਰੈੱਸ ਲਾਈਟ ਪੁਆਇੰਟ, ਸੁਖਨਾ ਝੀਲ ਵਾਲੇ ਮੋੜ, ਸ਼ਾਸਤਰੀ ਨਗਰ ਲਾਈਟ ਪੁਆਇੰਟ, ਹਾਊਸਿੰਗ ਬੋਰਡ ਲਾਈਟ ਪੁਆਇੰਟ ਅਤੇ ਸ਼ਹਿਰ ਦੇ ਸੈਕਟਰ-26, 7, 8, 9 ਅਤੇ 10 ਵਿੱਚ ਵਿਸ਼ੇਸ਼ ਤੌਰ ’ਤੇ ਨਾਕੇ ਲਗਾਏ ਹੋਏ ਸਨ। ਇਸ ਦੌਰਾਨ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 270 ਵਾਹਨ ਚਾਲਕਾਂ ਦੇ ਚਲਾਨ ਕਰ ਕੇ 23 ਵਾਹਨ ਜ਼ਬਤ ਵੀ ਕੀਤੇ ਗਏ। ਇਨ੍ਹਾਂ ਚਾਲਾਨਾਂ ਵਿੱਚੋਂ 85 ਚਾਲਾਨ ਬਿਨਾ ਹੈਲਮਟ ਤੋਂ ਡਰਾਈਵਿੰਗ ਕਰਨ ਵਾਲਿਆਂ ਦੇ ਅਤੇ ਸੱਤ ਚਾਲਾਨ ਵਾਹਨਾਂ ’ਤੇ ਸਮਰੱਥਾ ਨਾਲੋਂ ਵੱਧ ਵਿਅਕਤੀਆਂ ਦੇ ਬੈਠਣ ਸਬੰਧੀ ਕੀਤੇ ਗਏ ਸਨ।
ਚੰਡੀਗੜ੍ਹ ਟਰੈਫ਼ਿਕ ਪੁਲੀਸ ਨੇ ਆਵਾਜਾਈ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਵਿਸ਼ੇਸ਼ ਨਾਕੇ ਲਗਾਏ ਹੋਏ ਸਨ, ਜਿੱਥੇ ਪੁਲੀਸ ਮੁਲਾਜ਼ਮਾਂ ਨੇ ਕੈਮਰੇ ਲਗਾ ਕੇ ਅਤੇ ਸਪੀਡ ਰਡਾਰ ਰਾਹੀਂ ਵੱਖ-ਵੱਖ ਥਾਵਾਂ ਦੀਆਂ ਵੀਡੀਓਜ਼ ਬਣਾਈਆਂ। ਉਨ੍ਹਾਂ ਵੀਡੀਓਜ਼ ਦੇ ਆਧਾਰ ’ਤੇ ਵੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਕੀਤੇ ਜਾਣਗੇ।
ਸਥਾਨਕ ਪੁਲੀਸ ਨੇ ਹੋਲੀ ਵਾਲੇ ਦਿਨ ਕੁੱਟਮਾਰ ਕਰਨ ਸਬੰਧੀ ਇਕ ਕੇਸ ਦਰਜ ਕੀਤਾ ਹੈ। ਇਹ ਕੇਸ ਥਾਣਾ ਸੈਕਟਰ-26 ਦੀ ਪੁਲੀਸ ਨੇ ਇਕ ਔਰਤ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਹ ਆਪਣੇ ਪਤੀ ਨਾਲ ਸੈਕਟਰ-7 ਸੀ ਵਿੱਚੋਂ ਲੰਘ ਰਹੀ ਸੀ ਤਾਂ ਕੁਝ ਵੌਜਵਾਨਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਥਾਣਾ ਸੈਕਟਰ-26 ਦੀ ਪੁਲੀਸ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਜਤਿਨ, ਅਨੁਜ, ਸੌਰਭ ਅਤੇ ਅਭਿਸ਼ੇਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਜਤਿਨ ਵਾਸੀ ਸੈਕਟਰ-28 ਨੂੰ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਰਾਰਤੀ ਅਨਸਰਾਂ ਨੇ ਲੋਕਾਂ ’ਤੇ ਨਾਲੀਆਂ ਦਾ ਚਿੱਕੜ ਸੁੱਟਿਆ
ਐੱਸ.ਏ.ਐੱਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਮੁਹਾਲੀ ਅਤੇ ਆਸ-ਪਾਸ ਪਿੰਡਾਂ ਵਿੱਚ ਆਮ ਲੋਕਾਂ ਅਤੇ ਨੌਜਵਾਨਾਂ ਨੇ ਬੜੇ ਚਾਵਾਂ ਨਾਲ ਹੋਲੀ ਦਾ ਤਿਉਹਾਰ ਮਨਾਇਆ। ਸ਼ਹਿਰੀ ਖੇਤਰ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੇ ਖੂਬ ਮਸਤੀ ਕੀਤੀ। ਉੱਧਰ, ਇਤਿਹਾਸਕ ਪਿੰਡ ਸੋਹਾਣਾ ਵਿੱਚ ਸਿਵਿਆਂ ਦੀ ਰਾਖ ਨਾਲ ਹੋਲੀ ਖੇਡੀ ਗਈ। ਪਿੰਡ ਵਿੱਚ ਸ਼ਰਾਰਤੀ ਅਨਸਰਾਂ ਨੇ ਸ਼ਰੇਆਮ ਹੁੱਲੜਬਾਜ਼ੀ ਕਰਦਿਆਂ ਲੋਕਾਂ ’ਤੇ ਨਾਲੀਆਂ ਦਾ ਚਿੱਕੜ ਸੁੱਟਿਆ ਜਿਸ ਕਾਰਨ ਲੋਕ ਘਰਾਂ ’ਚੋਂ ਬਾਹਰ ਨਹੀਂ ਨਿਕਲੇ। ਉੱਧਰ, ਹੌਲੀ ਦੌਰਾਨ ਸ਼ਹਿਰ ਵਿਚ ਵੱਖ-ਵੱਖ ਹਾਦਸਿਆਂ ਦੌਰਾਨ ਕਰੀਬ 22 ਵਿਅਕਤੀ ਜ਼ਖ਼ਮੀ ਹੋ ਗਈ ਜਦੋਂਕਿ ਸੋਹਾਣਾ ਥਾਣੇ ਦੇ ਖੇਤਰ ਵਿੱਚ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮੁਕੇਸ਼ ਉਰਫ਼ ਮਨੀਸ਼ ਵਾਸੀ ਸੋਹਾਣਾ ਅਤੇ ਲਾਲੂ ਸਿੰਘ ਵਾਸੀ ਬਨੂੜ ਵਜੋਂ ਹੋਈ ਹੈ।