ਪਰਸ਼ੋਤਮ ਬੱਲੀ
ਬਰਨਾਲਾ, 8 ਸਤੰਬਰ
ਸਥਾਨਕ ਰੇਲਵੇ ਸਟੇਸ਼ਨ ’ਤੇ ਖੇਤੀ ਕਾਨੂੰਨਾਂ ਖਿਲਾਫ਼ ਲੱਗੇ ਪੱਕੇ ਸਾਂਝੇ ਕਿਸਾਨ ਮੋਰਚੇ ’ਚ ਅੱਜ ਸੰਯੁਕਤ ਮੋਰਚੇ ਵੱਲੋਂ ਕਰਨਾਲ ਸਕੱਤਰੇਤ ਘਿਰਾਓ ਪ੍ਰਦਰਸ਼ਨ ਸਬੰਧੀ ਚਰਚਾ ਰਹੀ। ਬੁਲਾਰਿਆਂ ਨੇ ਦੱਸਿਆ ਕਿ ਮੋਗਾ ਲਾਠੀਚਾਰਜ ਕੇਸ ਰੱਦ ਕਰਨ ਲਈ ਪੰਜਾਬ ਸਰਕਾਰ ਨੂੰ 9 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ ਵਰਨਾ ਸੰਘਰਸ਼ ਤੇਜ਼ ਕੀਤਾ ਜਾਵੇਗਾ। ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਦਰਸ਼ਨ ਸਿੰਘ ਉਗੋਕੇ,ਰਣਧੀਰ ਸਿੰਘ ਰਾਜਗੜ੍ਹ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਖਾਦ ਦੀ ਕਿੱਲਤ ਤੁਰੰਤ ਦੂਰ ਕੀਤੀ ਜਾਵੇ ਅਤੇ ਵਿਕਰੀ ਲਈ ਪ੍ਰਾਈਵੇਟ ਡੀਲਰਾਂ ਦੀ ਬਜਾਏ ਸਹਿਕਾਰੀ ਸਭਾਵਾਂ ਨੂੰ ਤਰਜੀਹ ਦਿੱਤੀ ਜਾਵੇ। ਰਾਜਵਿੰਦਰ ਸਿੰਘ ਮੱਲ੍ਹੀ ਨੇ ਕਵੀਸ਼ਰੀ ਪੇਸ਼ ਕੀਤੀ।
ਮਹਿਲ ਕਲਾਂ (ਨਵਕਿਰਨ ਸਿੰਘ): ਖੇਤੀ ਕਾਨੂੰਨਾਂ ਖ਼ਿਲਾਫ਼ ਮਹਿਲ ਕਲਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਕਿਸਾਨਾਂ ਦਾ ਪੱਕਾ ਧਰਨਾ ਜਾਰੀ ਹੈ। ਇਸੇ ਤਰ੍ਹਾਂ ਬਰਨਾਲਾ ਲੁਧਿਆਣਾ ਮੁੱਖ ਮਾਰਗ ’ਤੇ ਰਿਲਾਇੰਸ ਪੈਟਰੋਲ ਪੰਪ ਅੱਗੇ ਪੱਕਾ ਧਰਨਾ ਜਾਰੀ ਹੈ।
ਮਮਦੋਟ (ਜਸਵੰਤ ਸਿੰਘ ਥਿੰਦ): ਇੱਥੇ ਜ਼ਿਲ੍ਹਾ ਆਗੂ ਗੋਰਾ ਬਾਰੇ ਕੇ ਨੇ ਦੱਸਿਆ ਕਿ 12 ਸਤੰਬਰ ਨੂੰ ਦਿੱਲੀ ਮੋਰਚੇ ਲਈ ਫ਼ਿਰੋਜ਼ਪੁਰ ਜ਼ਿਲ੍ਹੇ ਤੋਂ ਵੱਡਾ ਜੱਥਾ ਦਿੱਲੀ ਲਈ ਰਵਾਨਾ ਹੋਵੇਗਾ।
ਭੁੱਚੋ ਮੰਡੀ (ਪਵਨ ਕੁਮਾਰ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਨਥਾਣਾ ਵੱਲੋਂ ਖੇਤੀ ਕਨੂੰਨਾਂ ਖ਼ਿਲਾਫ਼ ਬੈਸਟ ਪ੍ਰਾਈਸ ਮਾਲ ਭੁੱਚੋ ਖੁਰਦ ਅੱਗੇ ਚੱਲ ਰਿਹਾ ਮੋਰਚਾ ਅੱਜ 343ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਬਲਾਕ ਮੀਤ ਪ੍ਰਧਾਨ ਲਖਵੀਰ ਸਿੰਘ ਬੀਰਾ ਨੇ ਕਿਹਾ ਕਿ ਜੇ ਨਥਾਣੇ ਦੇ ਬਿਜਲੀ ਗਰਿੱਡ ਦੇ ਕੁੱਝ ਪਿੰਡਾਂ ਤੇ ਸ਼ਹਿਰੀ ਫੀਡਰਾਂ ਦੇ ਚੱਲ ਰਹੇ ਮਸਲੇ ਨੂੰ ਜਲਦੀ ਹੱਲ ਨਾ ਕੀਤਾ, ਤਾਂ ਬਿਜਲੀ ਗਰਿੱਡ ਦਾ ਘਿਰਾਓ ਕੀਤਾ ਜਾਵੇਗਾ।
ਕਿਸਾਨਾਂ ਨੇ ਕੇਂਦਰ ਵੱਲੋਂ ਐਲਾਨੀ ਐੱਮਐੱਸਪੀ ਰੱਦ ਕੀਤੀ
ਬਠਿੰਡਾ (ਸ਼ਗਨ ਕਟਾਰੀਆ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਕੇਂਦਰ ਸਰਕਾਰ ਵੱਲੋਂ ਫ਼ਸਲਾਂ ਦੀ ਐਲਾਨੀ ਨਵੀਂ ਕੀਮਤ ਰੱਦ ਕੀਤੀ ਹੈ।ਯੂਨੀਅਨ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਪ੍ਰੈਂਸ ਸਕੱਤਰ ਜਸਵੀਰ ਸਿੰਘ ਬੁਰਜ ਸੇਮਾ ਨੇ ਕੇਂਦਰ ਸਰਕਾਰ ਵੱਲੋਂ ਕਣਕ ਦੇ ਭਾਅ ਵਿੱਚ ਕੀਤੇ 40 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਹੈ ਕਿ ਇਕ ਪਾਸੇ ਤਾਂ ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਕਰਦੀ ਹੈ ਪਰ ਕਣਕ ਦੇ ਭਾਅ ਵਿੱਚ ਇਸ ਨਿਗੂਣੇ ਵਾਧੇ ਨਾਲ ਤਾਂ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਲਾਗਤ ਖਰਚ ਦੀ ਪੂਰਤੀ ਵੀ ਨਹੀਂ ਹੁੰਦੀੇ
ਮਾਨਸਾ (ਜੋਗਿੰਦਰ ਸਿੰਘ ਮਾਨ): ਸੰਯੁਕਤ ਕਿਸਾਨ ਮੋਰਚਾ ਵੱਲੋਂ ਮਾਨਸਾ ਵਿਖੇ ਲਾਏ ਪੱਕੇ ਮੋਰਚੇ ਦੌਰਾਨ ਅੱਜ ਕੇਂਦਰ ਸਰਕਾਰ ਵੱਲੋਂ ਕਣਕ ਸਮੇਤ ਹਾੜ੍ਹੀ ਦੇ ਨਵੇਂ ਮਿਥੇ ਰੇਟਾਂ ਨੂੰ ਕਿਸਾਨਾਂ ਜਥੇਬੰਦੀਆਂ ਵੱਲੋਂ ਰੱਦ ਕੀਤਾ ਗਿਆ ਹੈ। ਕਿਸਾਨ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉਡਤ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ਼ ਰੇਲਵੇ ਸਟੇਸ਼ਨ ’ਤੇ ਲੱਗਾ ਪੱਕਾ ਮੋਰਚਾ ਲਗਾਤਾਰ ਜਾਰੀ ਰਹੇਗਾ।