ਪੱਤਰ ਪ੍ਰੇਰਕ
ਬਠਿੰਡਾ, 6 ਜੁਲਾਈ
ਪੀਆਰਟੀਸੀ ਬਠਿੰਡਾ ਡਿਪੂ ਵਿੱਚ ਕੰਮ ਕਰਦੇ ਰੈਗੂਲਰ, ਕੰਟਰੈਕਟ ਵਰਕਰਜ਼ ਅਤੇ ਆਊਟਸੋਰਸ ਵਰਕਰਾਂ ਵੱਲੋਂ ਮੀਟਿੰਗ ਉਪਰੰਤ ਬਠਿੰਡਾ ਡਿਪੂਆਂ ’ਤੇ ਗੇਟ ਰੈਲੀਆਂ ਕੀਤੀਆਂ ਗਈਆਂ। ਇਸ ਮੌਕੇ ਪੀਆਰਟੀਸੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਬਠਿੰਡਾ ਡਿੱਪੂ ਦੇ ਪ੍ਰਧਾਨ ਸੰਦੀਪ ਸਿੰਘ ਅਤੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਟਿਕਟ ਮਸ਼ੀਨਾਂ ਵਾਲੇ ਘਪਲੇ ਵਿਚ ਕੋਈ ਟਿਕਟ ਬੁੱਕਰ ਜਾਂਚ ਵਿੱਚ ਦੋਸ਼ੀ ਨਹੀਂ ਪਾਇਆ ਜਾਂਦਾ, ਓਨਾ ਚਿਰ ਕਰਮਚਾਰੀਆਂ ਖਿਲਾਫ ਅਧਿਕਾਰੀਆਂ ਵੱਲੋਂ ਕੋਈ ਐਕਸ਼ਨ ਨਾ ਲਿਆ ਜਾਵੇ। ਬੁਲਾਰਿਆਂ ਨੇ ਮੰਗ ਕੀਤੀ ਕਿ ਜੋ ਟਿਕਟ ਬੁੱਕਰ ਰੂਟ ਤੋਂ ਉਤਾਰੇ ਗਏ ਹਨ, ਉਨ੍ਹਾਂ ਨੂੰ ਡਿਊਟੀ ’ਤੇ ਬਹਾਲ ਕੀਤਾ ਜਾਵੇ।
ਉਨ੍ਹਾਂ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇਕਰ 11 ਜੁਲਾਈ ਤਕ ਟਿਕਟ ਬੁੱਕ ਕਰਨ ਵਾਲਿਆਂ ਨੂੰ ਬਹਾਲ ਨਹੀਂ ਕੀਤਾ ਗਿਆ ਅਤੇ ਮਸ਼ੀਨਾਂ ਨਾਲ ਸਬੰਧਤ ਕੰਡਕਟਰ ਅਤੇ ਐਡਵਾਂਸ ਬੁਕਿੰਗ ਕਰਨ ਵਾਲਿਆਂ ਨੂੰ ਡਿਊਟੀ ’ਤੇ ਨਹੀਂ ਲਗਾਇਆ ਜਾਂਦਾ ਤਾਂ ਬਠਿੰਡਾ ਡਿੱਪੂ ’ਤੇ ਅੱਧਾ ਦਿਨ ਦੀ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਜੇ ਇਸ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ’ਤੇ ਸਰਕਾਰ ਤੇ ਮੈਨੇਜਮੈਂਟ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ 13 ਜੁਲਾਈ ਨੂੰ ਪੰਜਾਬ ਦੇ ਸਾਰੇ ਡਿਪੂਆਂ ਅੰਦਰ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਤਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।