ਸ਼ਗਨ ਕਟਾਰੀਆ
ਬਠਿੰਡਾ, 4 ਜਨਵਰੀ
ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਦੀ ਜੁਆਇੰਟ ਐਕਸ਼ਨ ਕਮੇਟੀ ਨੇ ਆਪਣੀਆਂ ਨੂੰ ਮੰਗਾਂ ਲਈ ਅੱਜ ਇੱਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ਵਿੱਚ ਰੋਸ ਮੁਜ਼ਾਹਰਾ ਕੀਤਾ। ਮੁੱਖ ਮੰਗ ਇਹ ਸੀ ਕਿ ਮਿਮਿਟ ਦੇ ਸਟਾਫ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਤਨਖ਼ਾਹ ਦੀ ਪਾਈ ਵੀ ਨਹੀਂ ਮਿਲੀ।
ਵਿਖਾਵੇ ਦੌਰਾਨ ਇੱਥੇ ਫਾਇਰ ਬ੍ਰਿਗੇਡ ਚੌਕ ਵਿੱਚ ਕਮੇਟੀ ਆਗੂਆਂ ਕੁਲਬੀਰ ਸਿੰਘ, ਵਿਕਾਸ ਗੋਇਲ, ਪ੍ਰੇਮ ਲਤਾ, ਦਲਜੀਤ, ਵਿਕਾਸ ਸਿੰਗਲਾ, ਜਤਿੰਦਰ ਸਿੰਘ, ਮੇਜਰ ਸਿੰਘ, ਗੁਰਪ੍ਰੀਤ ਅਤੇ ਅਜੈ ਸਮਿਆਲ ਨੇ ਕਿਹਾ ਕਿ ਪਹਿਲੀ ਦਸੰਬਰ 2020 ਨੂੰ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਹਰ ਵਰ੍ਹੇ ਮਿਮਿਟ ਨੂੰ 5 ਕਰੋੜ ਰੁਪਏ ਗਰਾਂਟ ਵਜੋਂ ਦੇਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਵਾਅਦੇ ਮੁਤਾਬਿਕ ਅਜੇ ਤੱਕ ਇਕ ਰੁਪਿਆ ਵੀ ਸਰਕਾਰ ਵੱਲੋਂ ਜਾਰੀ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਤਨਖ਼ਾਹਾਂ ਨਾ ਮਿਲਣ ਕਾਰਨ ਕਰਮਚਾਰੀਆਂ ਦੇ ਪਰਿਵਾਰਾਂ ਦਾ ਜੀਵਨ ਬਸਰ ਦੁੱਭਰ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਤਨਖ਼ਾਹ ਖ਼ਾਤਰ ਉਹ ਪਿਛਲੇ 104 ਦਿਨਾਂ ਤੋਂ ਧਰਨੇ ’ਤੇ ਹਨ ਪਰ ਸਰਕਾਰ ਕੋਈ ਹੱਲ ਨਹੀਂ ਕੱਢ ਰਹੀ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਚੋਣ ਜ਼ਾਬਤਾ ਲੱਗਣ ਦੇ ਦਿਨ ਨੇੜੇ ਢੁੱਕ ਰਹੇ ਹਨ, ਉਨ੍ਹਾਂ ਦਾ ਮਸਲਾ ਹੱਲ ਨਾ ਹੋਣ ਬਾਰੇ ਧੁੜਕੂ ਹੋਰ ਵਧਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਪਣੇ ਬੱਚਿਆਂ ਦੇ ਖ਼ੂਨ ਨਾਲ ਲਿਖ਼ਿਆ ਮੰਗ ਪੱਤਰ ਲੈ ਕੇ ਉਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਦੇਣ ਆਏ ਹਨ।
ਜੈਜੀਤ ਜੌਹਲ ਵੱਲੋਂ ਦੋ ਦਿਨਾਂ ’ਚ ਮੰਗਾਂ ਦੀ ਪੂਰਤੀ ਦਾ ਭਰੋਸਾ
ਮਨਪ੍ਰੀਤ ਬਾਦਲ ਦੇ ਦਫ਼ਤਰ ਮੰਗ ਪੱਤਰ ਦੇਣ ਗਏ ਮੁਜ਼ਾਹਰਾਕਾਰੀਆਂ ਨਾਲ ਸ੍ਰੀ ਬਾਦਲ ਦੇ ਕਰੀਬੀ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਸ੍ਰੀ ਜੌਹਲ ਨੇ ਵਿੱਤ ਮੰਤਰੀ ਨਾਲ ਫ਼ੋਨ ’ਤੇ ਗੱਲ ਕਰਨ ਮਗਰੋਂ ਸਮੱਸਿਆਵਾਂ ਦਾ ਹੱਲ 48 ਘੰਟਿਆਂ ਦਰਮਿਆਨ ਕੀਤੇ ਜਾਣ ਦਾ ਵਿਸ਼ਵਾਸ਼ ਦਿੱਤਾ। ਇਸ ਮਗਰੋਂ ਵਿਖਾਵਾਕਾਰੀਆਂ ਨੇ ਮੰਗਾਂ ਪੂਰੀਆਂ ਨਾ ਹੋਣ ’ਤੇ ਪਰਸੋਂ ਨੂੰ ਮੁੜ ਪਰਤਣ ਦੀ ਤਾਕੀਦ ਨਾਲ ਵਿਖਾਵਾ ਸਮਾਪਤ ਕਰ ਦਿੱਤਾ।
‘ਆਪ’ ਦੀ ਸਰਕਾਰ ਬਣਨ ’ਤੇ ਕਰਾਂਗੇ ਮਸਲਾ ਹੱਲ: ਜਗਰੂਪ ਗਿੱਲ
ਫਾਇਰ ਬ੍ਰਿਗੇਡ ਚੌਕ ’ਚ ਆਮ ਆਦਮੀ ਪਾਰਟੀ ਦੇ ਬਠਿੰਡਾ (ਸ਼ਹਿਰੀ) ਹਲਕੇ ਤੋਂ ਵਿਧਾਨ ਸਭਾ ਚੋਣ ਲੜ ਰਹੇ ਜਗਰੂਪ ਸਿੰਘ ਗਿੱਲ ਪ੍ਰਦਰਸ਼ਨਕਾਰੀਆਂ ਨੂੰ ਮਿਲੇ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਵਾਅਦਾ ਕੀਤਾ ਕਿ ‘ਆਪ’ ਦੀ ਸਰਕਾਰ ਬਣਨ ’ਤੇ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।