ਜੋਗਿੰਦਰ ਸਿੰਘ ਮਾਨ
ਮਾਨਸਾ, 30 ਮਾਰਚ
ਪਿੰਡ ਮਲਕਪੁਰ ਖਿਆਲਾ ਤੋਂ ਦਿੱਲੀ ਦੇ ਅੰਦੋਲਨ ਲਈ ਅੱਜ ਕਿਸਾਨਾਂ ਦਾ ਜਥਾ ਰਵਾਨਾ ਹੋਇਆ। ਜਥੇਬੰਦੀ ਦੀ ਪਿੰਡ ਇਕਾਈ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲਦੇ ਸੰਘਰਸ਼ ਦਰਮਿਆਨ ਪਿੰਡਾਂ ਦੇ ਕਿਸਾਨਾਂ-ਮਜ਼ਦੂਰਾਂ ਦੇ ਵਿੱਚ ਭਾਰੀ ਉਤਸ਼ਾਹ ਹੈ, ਕਿਉਂਕਿ ਲੋਕ ਮੋਦੀ ਸਰਕਾਰ ਦੀਆਂ ਗਿੱਦੜ ਚਾਲਾਂ ਸਮਝ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹ ਜਥਾ ਭੂਰਾ ਸਿੰਘ, ਮਨਜੀਤ ਸਿੰਘ ਦੀ ਦੇਖ-ਰੇਖ ਵਿੱਚ ਭੇਜਿਆ ਗਿਆ ਹੈ ਤੇ ਪਿੰਡ ਵਿੱਚੋਂ ਹਰ 5-7 ਦਿਨਾਂ ਬਾਅਦ ਜਥੇ ਭੇਜੇ ਜਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਹਾੜੀ ਦੀ ਫ਼ਸਲ ਸੰਭਾਲਣ ਸਮੇਂ ਦਿੱਲੀ ਮੋਰਚੇ ਦੇ ਵਿੱਚ ਔਰਤਾਂ ਵੀ ਸ਼ਮੂਲੀਅਤ ਵਿਸ਼ੇਸ਼ ਹੋਵੇਗੀ।
ਬਠਿੰਡਾ (ਮਨੋਜ ਸ਼ਰਮਾ): ਜ਼ਿਲ੍ਹਾ ਦਾ ਪਿੰਡ ਮਹਿਮਾ ਸਰਕਾਰੀ ਕਿਸਾਨੀ ਅੰਦੋਲਨ ਵਿਚ ਵੱਡਾ ਯੋਗਦਾਨ ਪਾ ਰਿਹਾ ਹੈ। ਅੱਜ ਪਿੰਡ ਦੇ ਗੁਰੂ ਘਰ ਤੋਂ ਅਰਦਾਸ ਕਰਨ ਤੋਂ ਬਾਅਦ ਭਾਰਤੀ ਕਿਸਾਨੀ ਏਕਤਾ ਉਗਰਾਹਾਂ ਦੇ ਪਿੰਡ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੂ ਦੀ ਅਗਵਾਈ ਹੇਠ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।