ਮਨੋਜ ਸ਼ਰਮਾ
ਬਠਿੰਡਾ, 11 ਮਈ
ਡਿਪਟੀ ਕਮਿਸ਼ਨਰ ਬੀ.ਸ਼੍ਰੀਨਿਵਾਸਨ ਦੱਸਿਆ ਕਿ ਜ਼ਿਲ੍ਹੇ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਕਾਰਨ 27 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 700 ਨਵੇਂ ਕੇਸ ਆਏ ਹਨ। ਇਸ ਦੌਰਾਨ 559 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਮਗਰੌਂ ਆਪਣੇ ਘਰ ਪਰਤ ਗਏ ਹਨ। ਇਸੇ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਕੋਵਿਡ-19 ਦੇ ਮੱਦੇਨਜ਼ਰ ਅਜੀਤ ਰੋਡ ਗਲੀ ਨੰਬਰ 7 ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਸੀ, ਪਰ ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਖੇਤਰ ਵਿੱਚ ਹੁਣ ਕੋਈ ਵੀ ਨਵਾਂ ਕੋਵਿਡ ਕੇਸ ਸਾਹਮਣੇ ਨਹੀਂ ਆਇਆ। ਇਸ ’ਤੇ ਹੁਣ ਅਜੀਤ ਰੋਡ ਗਲੀ ਨੰਬਰ 7 ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਤੋਂ ਹਟਾ ਦਿੱਤਾ ਗਿਆ ਹੈ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਜ਼ਿਲ੍ਹੇ ਵਿੱਚ ਕਰੋਨਾਵਾਇਰਸ ਕਾਰਨ ਅੱਜ 13 ਵਿਅਕਤੀਆਂ ਨੇ ਦਮ ਤੋੜ ਦਿੱਤਾ ਜਦਕਿ 328 ਨਵੇਂ ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਮਰਨ ਵਾਲਿਆਂ ਵਿੱਚ 4 ਮੁਕਤਸਰ, 3 ਮਲੋਟ ਦੇ ਬਸ਼ਿੰਦੇ ਹਨ ਜਦੋਂਕਿ 1-1 ਚੱਕ ਸ਼ੇਰੇਵਾਲਾ, ਭਲਾਈਆਣਾ, ਰੁਪਾਣਾ, ਫੂਲੇਵਾਲਾ, ਪਿਉਰੀ ਤੇ ਮੱਲਣ ਦੇ ਰਹਿਣ ਵਾਲੇ ਸੀ। ਦੂਜੇ ਪਾਸੇ 141 ਵਿਅਕਤੀ ਸਿਹਤਯਾਬ ਹੋ ਗਏ ਹਨ।
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਅੱਜ 537 ਨਵੇਂ ਪਾਜ਼ੇਟਿਵ ਕੇਸ ਪਾਏ ਗਏ ਅਤੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਹੁਣ 3463 ਐਕਟਿਵ ਕੇਸ ਹਨ।
ਕੋਟਕਪੂਰਾ (ਟਨਸ): ਫ਼ਰੀਦਕੋਟ ਜ਼ਿਲ੍ਹੇ ਵਿੱਚ ਸੱਤ ਵਿਅਕਤੀਆਂ ਨੇ ਕਰੋਨਾ ਮਹਾਮਾਰੀ ਕਾਰਨ ਦਮ ਤੋੜ ਦਿੱਤਾ ਹੈ। ਮ੍ਰਿਤਕਾ ਵਿੱਚ ਪੰਜ ਜਣੇ ਇਕੱਲੇ ਕੋਟਕਪੂਰਾ ਸ਼ਹਿਰ ਦੇ ਵਸਨੀਕ ਸਨ। ਸਿਹਤ ਵਿਭਾਗ ਫ਼ਰੀਦਕੋਟ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ 188 ਜਣਿਆਂ ਦੀ ਕਰੋਨਾ ਰਿਪੋਰਟ ਆਈ ਹੈ।
ਬਰਨਾਲਾ (ਪਰਸ਼ੋਤਮ ਬੱਲੀ): ਜ਼ਿਲ੍ਹੇ ਵਿੱਚ ਕੋਵਿਡ-19 ਪਾਜ਼ੇਟਿਵ 126 ਨਵੇਂ ਮਰੀਜ਼ ਸਾਹਮਣੇ ਆਏ ਹਨ| ਕਰੋਨਾ ਕਾਰਨ ਅੱਜ ਬਰਨਾਲਾ ਸ਼ਹਿਰ ਦੀ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਲ 40 ਸਾਲ ਦੀ ਔਰਤ ਅਤੇ ਬਲਾਕ ਤਪਾ ਦੇ ਬਠਿੰਡਾ ਹਸਪਤਾਲ ‘ਚ ਦਾਖਲ 45 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ।
ਸਿਰਸਾ (ਪ੍ਰਭੂ ਦਿਆਲ): ਜ਼ਿਲ੍ਹੇ ਵਿੱਚ ਕਰੋਨਾ ਦਾ ਕਹਿਰ ਜਾਰੀ ਹੈ। ਕਰੋਨਾ ਕਾਰਨ ਅੱਜ ਛੇ ਮਹਿਲਾਵਾਂ ਸਮੇਤ ਅੱਠ ਜਣਿਆਂ ਦੀ ਮੌਤ ਹੋ ਗਈ। ਇੰਜ ਕਰੋਨਾ ਲਾਗ ਦੇ 425 ਨਵੇਂ ਮਾਮਲੇ ਆਏ ਹਨ ਜਦੋਂਕਿ 604 ਵਿਅਕਤੀ ਕਰੋਨਾ ਲਾਗ ਤੋਂ ਸਿਹਤਯਾਬ ਵੀ ਹੋਏ ਹਨ। ਜ਼ਿਲ੍ਹੇ ਵਿੱਚ ਕਰੋਨਾ ਲਾਗ ਦੇ 4846 ਸਰਗਰਮ ਮਾਮਲੇ ਹਨ।
ਬੈੱਡਾਂ ਦੀ ਸਮਰੱਥਾ ਤੇ ਸਥਿਤੀ ਜਾਣਨ ਸਬੰਧੀ ਲਿੰਕ ਜਾਰੀ
ਬਠਿੰਡਾ (ਪੱਤਰ ਪ੍ਰੇਰਕ): ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਕੋਵਿਡ ਮਰੀਜ਼ਾਂ ਦਾ ਇਲਾਜ ਕਰ ਰਹੇ ਹਸਪਤਾਲਾਂ ਵਿੱਚ ਬੈੱਡਾਂ ਦੀ ਸਮਰੱਥਾ ਅਤੇ ਸਥਿਤੀ ਬਾਰੇ ਜਾਣਕਾਰੀ ਹਾਸਿਲ ਕਰਨ ਲਈ http://covid.punjabgovbti.in ਲਿੰਕ ਜਾਰੀ ਕੀਤਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਸਾਂਝੀ ਕੀਤੀ। ਸ੍ਰੀ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਇਸ ਲਿੰਕ ਤੋਂ ਹਰ ਜ਼ਿਲ੍ਹਾ ਵਾਸੀ ਜ਼ਿਲੇ ਅੰਦਰਲੇ ਕੋਵਿਡ ਕੇਸਾਂ ਸਬੰਧੀ ਮਰੀਜ਼ਾਂ ਦਾ ਇਲਾਜ ਕਰ ਰਹੇ ਹਸਪਤਾਲਾਂ ਵਿੱਚ ਲੈਵਲ 2 ਤੇ ਲੈਵਲ 3 ਦੀ ਸਮਰੱਥਾ ਵਾਲੇ ਬੈੱਡਾਂ ਦੀ ਸਮਰੱਥਾ ਤੇ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਹਾਸਿਲ ਕਰ ਸਕੇਗਾ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਬਣਾਈ ਗਈ ਵਿਸ਼ੇਸ਼ ਟੀਮ ਵੱਲੋਂ ਇਸ ਲਿੰਕ ‘ਤੇ ਹਰ ਦੋ ਘੰਟਿਆਂ ਬਾਅਦ ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਸਬੰਧੀ ਲੈਵਲ 2 ਤੇ ਲੈਵਲ 3 ਦੀ ਸਮਰੱਥਾ ਵਾਲੇ ਬੈੱਡਾਂ ਦੀ ਸਮਰੱਥਾ ਤੇ ਸਥਿਤੀ ਸਬੰਧੀ ਜਾਣਕਾਰੀ ਅਪਡੇਟ ਕੀਤੀ ਜਾਵੇਗੀ।