ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 19 ਅਕਤੂਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਸਰਕਾਰੀ/ਕਾਂਸਟੀਚੁਐਂਟ ਕਾਲਜਾਂ ਅਤੇ ਐਸੋਸੀਏਟ ਇੰਸਟੀਚਿਊਟ ਦੇ ਤਿੰਨ ਦਿਨਾਂ ਜ਼ੋਨਲ ਯੁਵਕ ਮੇਲੇ ਦਾ ਆਗਾਜ਼ ਹੋਇਆ। ਮੇਲੇ ਵਿਚ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਵਿਦਿਆਰਥੀ-ਕਲਾਕਾਰ ਵੱਖ-ਵੱਖ ਕਲਾ/ਸਭਿਆਚਾਰਕ ਆਈਟਮਾਂ ਵਿਚ ਹਿੱਸਾ ਲੈਣਗੇ। ਇਹ ਮੇਲਾ 21 ਅਕਤੂਬਰ ਤਕ ਚੱਲੇਗਾ। ਇਸ ਯੁਵਕ ਮੇਲੇ ਦੇ ਵੱਖ-ਵੱਖ ਮੁਕਾਬਲੇ ਦਸਮੇਸ਼ ਆਡੀਟੋਰੀਅਮ, ਗੁਰੂ ਨਾਨਕ ਭਵਨ, ਕਾਨਫਰੰਸ ਹਾਲ ਅਤੇ ਆਰਕੀਟੈਕਚਰ ਵਿਭਾਗ ਵਿਚ ਕਰਵਾਏ ਜਾਣਗੇ। ਓ.ਐਸ.ਡੀ. ਟੂ ਵਾਈਸ ਚਾਂਸਲਰ, ਡਾ. ਹਰਦੀਪ ਸਿੰਘ ਨੇ ਕਿਹਾ ਕਿ ਮੌਜੂਦਾ ਦੌਰ ’ਚ ਵਸਤਾਂ ਜਮ੍ਹਾਂ ਕਰਨ ਦੀ ਦੌੜ ਲੱਗੀ ਹੋਈ ਹੈ। ਇਸ ਵਿੱਚ ਹਰ ਪੱਧਰ ’ਤੇ ਮੁਕਾਬਲਾ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਵਿਚ ਵੀ ਮੁਕਾਬਲੇ ਦਾ ਅਮਲ ਹੋਣ ਕਰਕੇ ਅਸੀਂ ਕੇਵਲ ਅਕਾਦਮਿਕ ਗਤੀਵਿਧੀਆਂ ਵਿਚ ਹੀ ਰੁੱਝੇ ਰਹਿ ਜਾਂਦੇ ਹਾਂ ਅਤੇ ਹੋਰ ਉਹ ਗਤੀਵਿਧੀਆਂ ਸਾਡੇ ਪਾਸੋਂ ਛੁੱਟ ਜਾਂਦੀਆਂ ਹਨ, ਜਿਸ ਨਾਲ ਸਾਡੀ ਸ਼ਖਸੀਅਤ ਬਹੁਪੱਖੀ ਬਣਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਦੇ ਸੰਪੂਰਨ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਕਲਾ, ਸੰਗੀਤ, ਖੇਡਾਂ, ਵਿਚਾਰ-ਚਿੰਤਨ, ਸਭਿਆਚਾਰਕ ਗਤੀਵਿਧੀਆਂ ਅਤੇ ਹੋਰ ਉਸਾਰੂ ਗਤੀਵਿਧੀਆਂ ਵਿਚ ਹਿੱਸਾ ਲੈਣਾ ਲਾਜ਼ਮੀ ਹੈ। ਇਹ ਯੁਵਕ ਮੇਲੇ ਇਕ ਅਜਿਹਾ ਮੰਚ ਹਨ ਜੋ ਸਾਡੀ ਅੰਦਰਲੀ ਪ੍ਰਤਿਭਾ ਨੂੰ ਨਿਖਾਰ ਕੇ ਪੇਸ਼ ਕਰਦਾ ਹੈ।
ਕਨਵੀਨਰ, ਡਾ. ਤੇਜਵੰਤ ਸਿੰਘ ਕੰਗ ਨੇ ਦੱਸਿਆ ਕਿ ਦਸਮੇਸ਼ ਆਡੀਟੋਰੀਅਮ ਵਿਚ ਭੰਗੜੇ ਤੋਂ ਇਲਾਵਾ ਅੱਜ ਹੋਏ ਮੁਕਾਬਲਿਆਂ ਵਿਚ ਸਮੂਹ ਸ਼ਬਦ/ਭਜਨ, ਸਮੂਹ ਗਾਇਨ (ਭਾਰਤੀ), ਕਲਾਸੀਕਲ ਇੰਸ. (ਪਰਕਸ਼ਨ), ਕਲਾਸੀਕਲ ਇੰਸ. (ਨਾਨ-ਪਰਕਸ਼ਨ), ਕਲਾਸੀਕਲ ਸੰਗੀਤ ਵੋਕਲ ਸੋਲੋ ਦੇ ਮੁਕਾਬਲੇ ਹੋਏ। ਆਰਕੀਟੈਕਚਰ ਸਟੇਜ ’ਤੇ ਪੇਂਟਿੰਗ ਆਨ ਦਿ ਸਪਾਟ, ਕਾਰਟੂਨਿੰਗ, ਕੋਲਾਜ਼, ਪੋਸਟਰ ਮੇਕਿੰਗ, ਕਲੇਅ ਮਾਡਲਿੰਗ, ਆਨ ਦਿ ਸਪਾਟ ਫੋਟੋਗਰਾਫੀ, ਇੰਸਟਾਲੇਸ਼ਨ ਦੇ ਮੁਕਾਬਲੇ ਹੋਏ। ਕੁਇਜ਼ ਡੀਨ ਵਿਦਿਆਰਥੀ ਭਲਾਈ ਵਿਭਾਗ ਵਿਚ ਕੀਤੇ ਗਏ।