ਪੱਤਰ ਪ੍ਰੇਰਕ
ਅੰਮ੍ਰਿਤਸਰ, 12 ਮਾਰਚ
ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪੰਜਾਬੀ ਥੀਏਟਰ ਅਕੈਡਮੀ (ਯੂਕੇ), ਸੋਨਾ ਅਕੈਡਮੀ ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਵਲੋਂ ਤਿੰਨ ਰੋਜ਼ਾ ਨਾਟਕ ਫੈਸਟੀਵਲ ਦੇ ਦੂਜੇ ਦਿਨ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਦੀ ਟੀਮ ਵਲੋਂ ਪੰਜਾਬੀ ਨਾਟਕ ‘ਦੁੱਲੇ ਦੀ ਮੁਹੱਬਤ’ ਦਾ ਮੰਚਨ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ। ਇਹ ਨਾਟਕ ਤਜਿੰਦਰ ਸਿੰਧਰਾ ਦਾ ਲਿਖਿਆ ਅਤੇ ਦਲਜੀਤ ਸੋਨਾ ਦਾ ਨਿਰਦੇਸ਼ਤ ਕੀਤਾ ਗਿਆ ਹੈ। ਇਸ ਨਾਟਕ ਵਿਚ ਦੁੱਲਾ ਭੱਟੀ ਦੀ ਕਹਾਣੀ ਨੂੰ ਬਹੁਤ ਵਧੀਆ ਤਰੀਕੇ ਨਾਲ ਦਰਸਾਇਆ ਗਿਆ ਹੈ। ਨਾਟਕ ਦੀ ਕਹਾਣੀ ਨੂੰ ਕਿਸਾਨੀ ਅੰਦੋਲਨ ਨਾਲ ਵੀ ਜੋੜਿਆ ਗਿਆ ਹੈ। ਨਾਟਕ ਦੇ ਲੇਖਕ ਨੇ ਦੱਸਿਆ ਕਿ ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਉਹ ਦੁੱਲੇ ਦੀ ਕਹਾਣੀ ਨੂੰ ਆਪਣੀ ਕਲਮ ਰਾਹੀਂ ਲੋਕਾਂ ਦੇ ਰੂ-ਬ-ਰੂ ਕਰੇ। ਨਾਟਕ ਵਿਚ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਦੁੱਲੇ ਨੇ ਆਪਣੇ ਬਾਪ-ਦਾਦੇ ਦੇ ਕਤਲ ਦਾ ਬਦਲਾ ਲੈਣ ਲਈ ਤਲਵਾਰ ਚੁੱਕ ਲਈ ਸੀ ਤੇ ਹਕੂਮਤ ਨੂੰ ਵੰਗਾਰਿਆ ਸੀ। ਇਸ ਨਾਟਕ ਦੇ ਪਾਤਰ ਦਲਜੀਤ ਸੋਨਾ, ਗੁਰਵਿੰਦਰ ਕੌਰ, ਜੈਸਮੀਨ ਕੌਰ ਬਾਵਾ, ਮਨਿੰਦਰ ਸਿੰਘ ਨੌਸ਼ਹਿਰਾ, ਆਸਲੀਨ ਕੌਰ, ਯੁਵਰਾਜ ਸਿੰਘ, ਲਵਪ੍ਰੀਤ ਸਿੰਘ, ਅਨਮੋਲਪ੍ਰੀਤ ਕੌਰ, ਨਵਨੂਰ ਕੌਰ, ਪੁਨੀਤ ਪਾਹਵਾ, ਮੋਹਿਤ ਚਾਵਲਾ ਤੇ ਪਰਮਜੀਤ ਸਿੰਘ ਆਦਿ ਨੇ ਦਮਦਾਰ ਅਦਾਕਾਰੀ ਕੀਤੀ। ਇਸ ਮੌਕੇ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ, ਲੇਖਕ ਤੇ ਨਿਰਦੇਸ਼ਕ ਤਜਿੰਦਰ ਸਿੰਧਰਾ, ਮਿਊਜ਼ਿਕ ਡਾਇਰੈਕਟਰ ਹਰਿੰਦਰ ਸੋਹਲ, ਧਰਵਿੰਦਰ ਔਲਖ, ਗੁਰਤੇਜ ਮਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਦਰਸ਼ਕ ਅਤੇ ਨਾਟ ਪ੍ਰੇਮੀ ਹਾਜ਼ਰ ਸਨ।