ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 11 ਜਲਾਈ
ਬੇਹਿਸਾਬੀ ਬਾਰਸ਼ ਨਾਲ ਬਣੀ ਹੜ੍ਹਾਂ ਵਾਲੀ ਸਥਿਤੀ ਦੇ ਚੱਲਦਿਆਂ ਪੰਜਾਬ ਤੇ ਨਾਲ ਲੱਗਦੇ ਸੂਬਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਬਹੁਤ ਸਾਰੇ ਲੋਕ ਘਰੋਂ ਬੇਘਰ ਹੋ ਗਏ ਹਨ। ਇਸ ਔਖੀ ਘੜੀ ਨਿਹੰਗ ਸਿੰਘਾਂ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਆਪਣੇ ਪੁਰਖਿਆਂ ਦੇ ਪੁਰਾਤਨ ਇਤਿਹਾਸ ਨੂੰ ਦਹਿਰਾਉਂਦਿਆਂ ਹੜ੍ਹ ਪੀੜ੍ਹਤ ਲੋਕਾਂ ਦੀ ਸਹਾਇਤਾ ਕਰਨ ਦਾ ਫੈਸਲਾ ਲਿਆ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਆਪਣੇ ਨਿੱਜੀ ਖਜ਼ਾਨੇ ਤੇ ਬੁੱਢਾ ਦਲ ਦੇ ਪ੍ਰ੍ਰਬੰਧ ਅਧੀਨ ਪਟਿਆਲਾ, ਜ਼ੀਰਕਪੁਰ ਅਤੇ ਸਮਾਣਾ ਵਿਖੇ ਚੱਲ ਰਹੇ ਬੁੱਢਾ ਦਲ ਪਬਲਿਕ ਸਕੂਲਾਂ ਦੇ ਸਮੂਹ ਅਧਿਕਾਰੀਆਂ, ਕਰਮਚਾਰੀਆਂ, ਮੁਲਾਜ਼ਮਾਂ ਨੇ ਆਪਣੀ ਇੱਕ-ਇੱਕ ਦਿਨ ਦੀ ਤਨਖਾਹ ਦੇਣ ਅਤੇ ਵਿਦਿਆਰਥੀਆਂ ਨੇ ਵੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਆਪਣਾ ਬਣਦਾ ਯੋਗਦਾਨ ਪਾਉਣ ਦਾ ਐਲਾਨ ਕੀਤਾ ਹੈ। ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਹੈ ਕਿ ਹੜ੍ਹ ਪੀੜ੍ਹਤ ਖੇਤਰਾਂ ਜਿਥੇ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ, ਦੀ ਸਹਾਇਤਾ ਲਈ ਬੁੱਢਾ ਦਲ ਦੇ ਨਿਹੰਗ ਸਿੰਘ ਪਹੁੰਚ ਕਰਨਗੇ। ਜੋ ਲੋਕ ਇਸ ਹੜ੍ਹ ਦੀ ਮਾਰ ਹੇਠ ਆਏ ਹਨ ਉਨ੍ਹਾਂ ਦੀ ਮਦਦ ਲਈ ਰਸੋਈ ਰਸਦਾਂ ਅਤੇ ਬਿਸਤਰੇ ਆਦਿ ਵਸਤਾਂ ਇਕੱਤਰ ਕੀਤੀਆਂ ਜਾ ਰਹੀਆਂ ਹਨ।