ਪੱਤਰ ਪ੍ਰੇਰਕ
ਅੰਮ੍ਰਿਤਸਰ, 6 ਜੁਲਾਈ
ਚੀਫ਼ ਖ਼ਾਲਸਾ ਦੀਵਾਨ ਐਜੂਕੇਸ਼ਨ ਕਮੇਟੀ ਅਤੇ ਉਘੇ ਸਿੱਖ ਬੁੱਧੀਜੀਵੀਆਂ ਦੀ ਅੱਜ ਹੋਈ ਵਿਸ਼ੇਸ਼ ਇਕਤੱਰਤਾ ਵਿਚ ਦੀਵਾਨ ਦੇ ਸਕੂਲਾਂ ਦੇ ਵਿਦਿਅਕ ਮਿਆਰ ਨੂੰ ਉਪਰ ਚੁੱਕਣ ਅਤੇ ਵਿਦਿਆਰਥੀਆਂ ਨੂੰ ਪ੍ਰੋਫੈਸ਼ਨਲ ਕਰੀਅਰ ਵਿਚ ਸਫਲ ਬਣਾਉਣ ਲਈ ਵਿਚਾਰ-ਚਰਚਾ ਕੀਤੀ ਗਈ। ਸਕੂਲਜ਼ ਚੇਅਰਮੈਨ ਭਾਗ ਸਿੰਘ ਅਣਖੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਵਿਦਵਾਨਾਂ ਨੇ ਕਿਹਾ ਕਿ ਕੌਮ ਦਾ ਵਿਦਿਅਕ ਪੱਧਰ ਕਿਸੇ ਵੀ ਕੌਮ ਦੀ ਤਰੱਕੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਉਨ੍ਹਾਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵਿਦਿਅਕ ਅਤੇ ਪ੍ਰੋਫੈਸ਼ਨਲ ਖੇਤਰ ਵਿਚ ਸਹੀ ਦਿਸ਼ਾ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਐਜੂਕੇਸ਼ਨਲ ਕਮੇਟੀ ਨੇ ਹਰੇਕ ਸਕੂਲ ਵਿਚ ਐਨਸੀਸੀ ਵਿੰਗ ਬਣਾਉਣ ਦੀ ਤਜਵੀਜ਼ ਵੀ ਰੱਖੀ, ਜਿਸ ’ਤੇ ਸਹਿਮਤੀ ਪ੍ਰਗਟ ਕੀਤੀ ਗਈ। ਇਸ ਮੌਕੇ ਡਾ. ਸਰਬਜੀਤ ਸਿੰਘ ਛੀਨਾ, ਡਾ. ਟੀਐਸ ਚਾਹਲ, ਡਾ. ਸੂਬਾ ਸਿੰਘ ਆਦਿ ਬੁੱਧੀਜੀਵੀ ਮੌਜੂਦ ਸਨ। ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਵਿਚ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਵਲੋਂ ਦੀਵਾਨ ’ਤੇ ਬੇਨਿਯਮੀਆਂ ਦੇ ਲਾਏ ਦੋਸ਼ਾਂ ਦੀ ਨਿੰਦਾ ਕੀਤੀ ਗਈ।